[In Punjabi] ਬਾਬਾਸਾਹਿਬ ਅੰਬੇਡਕਰ ਦੀ ਸਬ ਤੋਂ ਜ਼ਿਆਦਾ ਚਰਚਿਤ ਕਿਤਾਬ, “ਜਾਤ-ਪਾਤ ਦਾ ਬੀਜ ਨਾਸ਼” ਦਾ ਇਕ ਬਹੁਤ ਹੀ ਅਹਿਮ ਭਾਗ।
“ਜਾਤ-ਪਾਤ ਇੱਟਾਂ ਦੀ ਕੰਧ ਜਾਂ ਕੰਡਿਆਲੀ ਤਾਰ ਵਾਂਗ, ਇਕ ਵਾਸਤਵਿਕ ਚੀਜ਼ ਨਹੀਂ ਹੈ; ਜਿਹੜੀ ਹਿੰਦੂਆਂ ਨੂੰ ਆਪਸ ਵਿਚ ਮਿਲਣ-ਜੁਲਨ ਤੋਂ ਰੋਕਦੀ ਹੈ ਅਤੇ ਜਿਸ ਕਰਕੇ ਇਸਨੂੰ ਤੋੜਨਾ ਜ਼ਰੂਰੀ ਹੈ।
ਜਾਤ ਇਕ ਖਿਆਲ ਹੈ, ਮਨ ਦੀ ਇਕ ਅਵਸਥਾ ਹੈ। ਇਸ ਕਰਕੇ ਜਾਤ-ਪਾਤ ਨੂੰ ਖਤਮ ਕਰਨ ਦਾ ਮਤਲਬ ਕਿਸੇ ਵਾਸਤਵਿਕ ਚੀਜ਼ ਨੂੰ ਨਸ਼ਟ ਕਰਨਾ ਨਹੀਂ ਹੈ। ਇਸ ਦਾ ਮਤਲਬ ਇਕ ਖਿਆਲੀ ਤਬਦੀਲੀ ਹੈ। ਜਾਤ-ਪਾਤ ਬੁਰੀ ਹੋ ਸਕਦੀ ਹੈ। ਜਾਤ-ਪਾਤ ਮਨੁੱਖ ਨੂੰ ਐਨੇ ਨਿਘਾਰ ਵੱਲ ਲਿਜਾ ਸਕਦੀ ਹੈ, ਜਿਸ ਨੂੰ ਇੱਕ ਮਨੁੱਖ ਦਾ ਦੂਜੇ ਮਨੁੱਖ ਪ੍ਰਤੀ ਅਣ-ਮਨੁੱਖਾਪਨ ਕਿਹਾ ਜਾ ਸਕਦਾ ਹੈ।
ਫਿਰ ਵੀ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਹਿੰਦੂ ਇਸ ਕਰਕੇ ਜ਼ਾਤ-ਪਾਤ ਨੂੰ ਨਹੀਂ ਮੰਨਦੇ ਕਿਉਂਕਿ ਉਹ ਅਣ-ਮਨੁੱਖੀ ਜਾਂ ਗੁਮਰਾਹ ਹਨ। ਉਹ ਜ਼ਾਤ-ਪਾਤ ਨੂੰ ਇਸ ਕਰਕੇ ਮੰਨਦੇ ਹਨ ਕਿਉਂਕਿ ਉਹ ਬਹੁਤ ਧਾਰਮਿਕ ਹਨ। ਲੋਕ ਜ਼ਾਤ-ਪਾਤ ਨੂੰ ਮੰਨਣ ਵਿਚ ਗਲਤ ਨਹੀਂ ਹਨ। ਮੇਰੇ ਵਿਚਾਰ ਵਿਚ, ਜੋ ਗਲਤ ਹੈ – ਉਹ ਉਨ੍ਹਾਂ ਦਾ ਧਰਮ ਹੈ, ਜਿਹੜਾ ਜ਼ਾਤ-ਪਾਤ ਦੇ ਇਸ ਵਿਚਾਰ ਨੂੰ ਬੜ੍ਹਾਵਾ ਦਿੰਦਾ ਹੈ।
ਜੇਕਰ ਇਹ ਸਹੀ ਹੈ, ਫਿਰ ਇਹ ਸਪਸ਼ਟ ਹੈ ਕਿ ਤੁਹਾਡਾ ਦੁਸ਼ਮਣ, ਜਿਸ ਨਾਲ ਤੁਹਾਨੂੰ ਮੁਕਾਬਲਾ ਕਰਨਾ ਹੋਵੇਗਾ; ਉਹ ਲੋਕ ਨਹੀਂ ਹਨ ਜਿਹੜੇ ਜ਼ਾਤ-ਪਾਤ ਵਿਚ ਵਿਸ਼ਵਾਸ ਰੱਖਦੇ ਹਨ ਬਲਕਿ ਉਹ ਸ਼ਾਸ਼ਤਰ ਹਨ, ਜਿਹੜੇ ਉਨ੍ਹਾਂ ਨੂੰ ਇਹ ਜ਼ਾਤ-ਪਾਤ ਵਾਲੇ ਧਰਮ ਦੀ ਸਿੱਖਿਆ ਦਿੰਦੇ ਹਨ। ਆਪਸ ਵਿਚ ਰੋਟੀ-ਬੇਟੀ ਦੀ ਸਾਂਝ ਨ ਕਰਨ ਲਈ ਲੋਕਾਂ ਦੀ ਨਿਖੇਦੀ ਕਰਨ ਜਾਂ ਕਦੇ-ਕਦੇ ਰੋਟੀ-ਬੇਟੀ ਦੀ ਸਾਂਝ ਦੇ ਪ੍ਰੋਗਰਾਮਾਂ ਨਾਲ ਇਸ ਮਕਸਦ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰਨਾ ਵਿਅਰਥ ਹੈ। ਇਸ ਦਾ ਸਹੀ ਇਲਾਜ ਸ਼ਾਸ਼ਤਰਾਂ ਦੀ ਪਵਿੱਤਰਤਾ ਵਿਚਲੇ ਵਿਸ਼ਵਾਸ ਨੂੰ ਖਤਮ ਕਰਨਾ ਹੈ।
ਤੁਸੀਂ ਉਨਾਂ ਚਿਰ ਕਿਵੇਂ ਸਫਲਤਾ ਪ੍ਰਾਪਤ ਕਰ ਸਕੋਗੇ, ਜਿੰਨਾਂ ਚਿਰ ਸ਼ਾਸ਼ਤਰ ਲੋਕਾਂ ਦੇ ਵਿਸ਼ਵਾਸ ਅਤੇ ਸੋਚ ਨੂੰ ਪ੍ਰਭਾਵਿਤ ਕਰਦੇ ਰਹਿਣਗੇ ?
ਸ਼ਾਸ਼ਤਰਾਂ ਦੀ ਪਵਿੱਤਰਤਾ ਤੇ ਸਵਾਲ ਨ ਕਰਨਾ, ਲੋਕਾਂ ਨੂੰ ਉਨਾਂ ਦੀ ਪਵਿੱਤਰਤਾ ਅਤੇ ਪਾਬੰਦੀਆਂ ਤੇ ਵਿਸ਼ਵਾਸ ਕਰਨ ਦੇਣਾ ਅਤੇ ਫਿਰ ਉਨ੍ਹਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਨਿਖੇਦੀ ਕਰਨੀ ਕਿ ਉਨ੍ਹਾਂ ਦਾ ਵਤੀਰਾ ਤਰਕਹੀਣ ਅਤੇ ਅਣਮਨੁੱਖੀ ਹੈ, ਸਮਾਜੀ ਸੁਧਾਰਾਂ ਦੇ ਕੰਮ ਨੂੰ ਜਾਰੀ ਰੱਖਣ ਵਾਸਤੇ ਇਕ ਬੇਤੁਕਾ ਤਰੀਕਾ ਹੈ। ਉਹ ਸਮਾਜ ਸੁਧਾਰਕ ਜੋ ਅਛੂਤਪੁਨੇ ਨੂੰ ਖਤਮ ਕਰਨ ਲਈ ਕੰਮ ਕਰ ਰਹੇ ਹਨ, ਸਣੇ ਮਹਾਤਮਾ ਗਾਂਧੀ – ਨੂੰ ਲਗਦਾ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਲੋਕਾਂ ਦਾ ਇਹ ਵਤੀਰਾ ਸਿਰਫ ਉਨ੍ਹਾਂ ਦੇ ਵਿਸ਼ਵਾਸ ਦਾ ਨਤੀਜਾ ਹੈ, ਜੋ ਉਨ੍ਹਾਂ ਦੇ ਜ਼ਹਿਨ ਵਿਚ ਸ਼ਾਸ਼ਤਰਾਂ ਕਰਕੇ ਹਨ ਅਤੇ ਲੋਕ ਆਪਣਾ ਆਚਰਣ ਉਦੋਂ ਤੱਕ ਨਹੀਂ ਬਦਲਣਗੇ ਜਦ ਤੱਕ ਉਹ ਸ਼ਾਸ਼ਤਰਾਂ ਦੀ ਪਵਿੱਤਰਤਾ ਦੇ ਵਿਸ਼ਵਾਸ ਕਰਨਾ ਬੰਦ ਨਹੀਂ ਕਰਦੇ, ਜਿਨ੍ਹਾਂ ਤੇ ਉਨ੍ਹਾਂ ਦਾ ਆਚਰਣ ਟਿਕਿਆ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਨਾਲ ਕੋਈ ਸਿੱਟੇ ਨਹੀਂ ਨਿਕਲ ਸਕੇ। ਤੁਸੀਂ ਵੀ ਉਸੇ ਤਰ੍ਹਾਂ ਗ਼ਲਤੀ ਕਰ ਰਹੇ ਹੋ, ਜਿਵੇਂ ਅਛੂਤਪੁਣੇ ਨੂੰ ਦੂਰ ਕਰਨ ਵਾਲੇ ਕੰਮ ਵਿਚ ਜੁਟੇ ਸੁਧਾਰਕ। ਰੋਟੀ-ਬੇਟੀ ਦੀ ਸਾਂਝ ਲਈ ਸੰਘਰਸ਼ ਅਤੇ ਪ੍ਰਬੰਧ ਕਰਨਾ ਬਨਾਵਟੀ ਤਰੀਕਿਆਂ ਨਾਲ ਧੱਕੇਸ਼ਾਹੀ ਕਰਨੇ ਵਰਗਾ ਢੰਗ ਹੈ।
ਤੁਸੀਂ ਹਰ ਆਦਮੀ ਅਤੇ ਔਰਤ ਨੂੰ ਸ਼ਾਸ਼ਤਰਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰੋ, ਉਨ੍ਹਾਂ ਦੇ ਦਿਮਾਗਾਂ ਨੂੰ ਉਨਾਂ ਨੁਕਸਾਨਦੇਹ ਵਿਚਾਰਾਂ ਤੋਂ ਮੁਕਤ ਕਰੋ, ਜੇੜੇ ਸ਼ਾਸ਼ਤਰਾਂ ਤੇ ਟਿਕੇ ਹੋਏ ਹਨ ਅਤੇ ਉਹ ਰੋਟੀ-ਬੇਟੀ ਦੀ ਸਾਂਝ ਤੁਹਾਡੇ ਕਹਿਣ ਦੇ ਬਗੈਰ ਹੀ ਕਰ ਲੈਣਗੇ। ਲੜਾਈ-ਝਗੜੇ ਵਿਚ ਪੈਣ ਦਾ ਕੋਈ ਫਾਇਦਾ ਨਹੀਂ ਹੈ। ਲੋਕਾਂ ਨੂੰ ਇਹ ਦੱਸਣ ਦਾ ਕੋਈ ਲਾਭ ਨਹੀਂ ਹੈ ਕਿ ਸ਼ਾਸ਼ਤਰ ਉਹ ਨਹੀਂ ਕਹਿੰਦੇ ਜੋ ਉਹ ਸੋਚਦੇ ਹਨ, ਭਾਵੇਂ ਵਿਆਕਰਣ ਦੇ ਤੌਰ ਤੇ ਪੜ੍ਹਨ ਨਾਲ ਹੋਵੇ ਜਾਂ ਫਿਰ ਤਰਕ ਦੇ ਅਧਾਰ ਤੇ ਵਿਆਖਿਆ ਕਰਨ ਨਾਲ।
ਮਸਲਾ ਇਹ ਹੈ ਕਿ ਲੋਕਾਂ ਨੇ ਸ਼ਾਸਤਰਾਂ ਨੂੰ ਕਿਵੇਂ ਸਮਝਿਆ ਹੈ।
ਤੁਹਾਨੂੰ ਉਹ ਫੈਸਲਾ ਲੈਣਾ ਪਵੇਗਾ, ਜੋ ਬੁੱਧ ਨੇ ਲਿਆ ਸੀ। ਤੁਹਾਨੂੰ ਉਹ ਫੈਸਲਾ ਲੈਣਾ ਪਵੇਗਾ, ਜੋ ਗੁਰੂ ਨਾਨਕ ਨੇ ਲਿਆ ਸੀ। ਤੁਹਾਨੂੰ ਨ ਸਿਰਫ ਸ਼ਾਸ਼ਤਰਾਂ ਨੂੰ ਰੱਦ ਕਰਨਾ ਪਵੇਗਾ ਬਲਕਿ ਤੁਹਾਨੂੰ ਉਨ੍ਹਾਂ ਦੀ ਸ਼ਕਤੀ ਨੂੰ ਨਕਾਰਨਾ ਪਵੇਗਾ, ਜਿਵੇਂ ਬੁੱਧ ਅਤੇ ਨਾਨਕ ਨੇ ਕੀਤਾ ਸੀ।
ਤੁਹਾਡੇ ਵਿਚ ਹਿੰਦੂਆਂ ਨੂੰ ਇਹ ਕਹਿਣ ਦੀ ਹਿੰਮਤ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਵਿਚ ਜੋ ਕਸੂਰ ਹੈ, ਉਹ ਹੈ ਉਨ੍ਹਾਂ ਦਾ ਧਰਮ – ਉਹ ਧਰਮ ਜਿਸ ਨੇ ਉਨ੍ਹਾਂ ਵਿਚ ਜਾਤ-ਪਾਤ ਦੀ ਪਵਿੱਤਰਤਾ ਦੀ ਧਾਰਣਾ ਨੂੰ ਜਨਮ ਦਿੱਤਾ ਹੈ।
ਕਿ ਤੁਸੀਂ ਇਹ ਹਿੰਮਤ ਦਿਖਾਉਗੇ ?
ਬਾਬਾਸਾਹਿਬ ਅੰਬੇਡਕਰ
May, 1936
-Thank you Satvendar Madara for the translation.
+ There are no comments
Add yours