ਬਾਬਾਸਾਹਿਬ ਅੰਬੇਡਕਰ ਅਤੇ ਪੰਜਾਬ


ਬਾਬਾਸਾਹਿਬ ਅੰਬੇਡਕਰ ਦਾ ਪੰਜਾਬ ਨਾਲ ਇੱਕ ਬਹੁਤ ਹੀ ਗੂੜਾ ਅਤੇ ਅਨਮੋਲ ਰਿਸ਼ਤਾ ਰਿਹਾ, ਜਿਸ ਨੇ ਨ ਸਿਰਫ ਪੰਜਾਬ ਬਲਕਿ ਪੂਰੇ ਭਾਰਤ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜੀਵਨ ਵਿੱਚ ਕਈ ਬੁਨਿਆਦੀ ਤਬਦੀਲੀਆਂ ਲਿਆਂਦੀਆਂ।

ਇਸ ਖਾਸ ਰਿਸ਼ਤੇ ਦੇ ਪਿਛੋਕੜ ਨੂੰ ਸਮਝਣ ਵਾਸਤੇ ਸਾਨੂੰ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੀ ਅਗਵਾਈ ਵਿੱਚ ਚੱਲੀ “ਆਦਿ ਧਰਮ” ਲਹਿਰ ਨੂੰ ਸਮਝਣਾ ਪਵੇਗਾ। 11-12 ਜੂਨ, 1926 ਨੂੰ ਹੋਸ਼ਿਆਰਪੂਰ ਜਿਲੇ ਦੇ ਪਿੰਡ ਮੁੱਗੋਵਾਲ ਵਿਖੇ ਹੋਈ ਇਤਿਹਾਸਕ ਕਾਨਫਰੰਸ ਵਿੱਚ “ਆਦਿ ਧਰਮ” ਮੰਡਲ ਦੀ ਸਥਾਪਨਾ ਕੀਤੀ ਗਈ, ਜਿਸ ਨੇ ਪੰਜਾਬ ਦੀਆਂ ਅਛੂਤ ਸਮਝੀ ਜਾਣ ਵਾਲਿਆਂ ਜਾਤਾਂ ਅੰਦਰ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਚੇਤਨਾ ਪੈਦਾ ਕੀਤੀ। ਇਸ ਲਹਿਰ ਕਰਕੇ ਨ ਸਿਰਫ ਪੰਜਾਬ ਅੰਦਰ ਹੋ ਰਹੇ ਜਾਤੀ ਵਿਤਕਰੇ ਦਾ ਮੁੱਦਾ ਭੱਖਿਆ ਬਲਕਿ ਦੇਸ਼ ਦੇ ਕੁਝ ਹੋਰ ਖੇਤਰਾਂ ਵਿੱਚ ਚਲ ਰਹੇ ਇਸੇ ਤਰ੍ਹਾਂ ਦੇ ਸੰਘਰਸ਼ਾਂ ਵਿੱਚ ਪੰਜਾਬ ਨੂੰ ਇੱਕ ਮੋਢੀ ਸੂਬੇ ਵਜੋਂ ਉਭਾਰੀਆਂ। ਮਹਾਰਾਸ਼ਟਰ ਵਿੱਚ ਇਸ ਸੰਘਰਸ਼ ਦੀ ਅਗਵਾਈ ਬਾਬਾਸਾਹਿਬ ਅੰਬੇਡਕਰ ਕਰ ਰਹੇ ਸਨ ਅਤੇ ਜਲਦ ਹੀ ਇਹ ਦੋਵੇ ਲਹਿਰਾ ਦਾ ਆਪਸ ਵਿੱਚ ਸੰਪਰਕ ਹੋਇਆ।

ਪੰਜਾਬ ਦੀਆਂ ਤਿੰਨ ਇਤਿਹਾਸਕ ਯਾਤਰਾਵਾਂ

ਪਹਿਲੀ ਯਾਤਰਾ

1930-31 ਦੌਰਾਨ ਲੰਡਨ ਵਿਖੇ ਹੋਈਆਂ ਇਤਿਹਾਸਕ ਗੋਲ ਮੇਜ ਕਾਨਫਰੰਸਾਂ ਤੋਂ ਬਾਦ ਭਾਰਤ ਦੇ ਸੰਵਿਧਾਨ ਨੂੰ ਬਣਾਉਣ ਅਤੇ ਦੇਸ਼ ਦੇ ਕਾਰੋਬਾਰ ਨੂੰ ਚਲਾਉਣ ਵਾਸਤੇ ਕਈ ਕਮੇਟੀਆਂ ਬਣਾਈਆਂ ਗਈਆਂ। ਉਨ੍ਹਾਂ ਵਿਚੋਂ ਇੱਕ ਬਹੁਤ ਹੀ ਮਹੱਤਵਪੂਰਨ ਕਮੇਟੀ ਸੀ “Franchise Sub-Committee”, ਜਿਸਦੇ ਮੁਖੀ ਲਾਰਡ ਲੋਥੀਂਅਨ(Lord Lothian) ਸਨ, ਜਿਸ ਕਰਕੇ ਇਸ ਨੂੰ ਲੋਥੀਂਅਨ ਕਮੇਟੀ ਵਜੋਂ ਜਾਣਿਆ ਗਿਆ। ਇਸ ਨੇ ਭਾਰਤ ਦੇ ਲੋਕਾਂ ਨੂੰ ਵੋਟ ਦੇ ਅਧਿਕਾਰ ਉੱਤੇ ਆਪਣੀ ਰਿਪੋਰਟ ਪੇਸ਼ ਕਰਨੀ ਸੀ। ਬਾਬਾਸਾਹਿਬ ਨੂੰ ਵੀ ਇਸ ਕਮੇਟੀ ਦਾ ਮੇਂਬਰ ਬਣਾਇਆ ਗਿਆ ਅਤੇ ਉਨ੍ਹਾਂ ਦੀ ਪਹਿਲੀ ਪੰਜਾਬ ਯਾਤਰਾਂ, ਇਸੇ ਸਿਲਸਿਲੇ ਵਿੱਚ ਹੋਈ ਜਦੋਂ ਉਹ 31 ਮਾਰਚ, 1932 ਨੂੰ ਲਾਹੌਰ ਪਹੁੰਚੇ। ਕਮੇਟੀ ਨੇ 31 ਮਾਰਚ ਅਤੇ 1 ਅਪ੍ਰੈਲ 1932 ਨੂੰ ਪੰਜਾਬ ਦੇ ਕਈ ਰਾਜਸੀ ਅਤੇ ਸਮਾਜਿਕ ਆਗੂਆਂ ਨਾਲ ਇਸ ਸਿਲਸਿਲੇ ਵਿੱਚ ਮੁਲਾਕਾਤ ਕੀਤੀ। ਬਾਬੂ ਮੰਗੂ ਰਾਮ ਮੁੱਗੋਵਾਲੀਆ ਵੀ ਆਪਣੇ ਕਈ ਸਾਥੀਆਂ, ਜਿਨ੍ਹਾਂ ਵਿੱਚ ਹਜ਼ਾਰਾਂ ਰਾਮ, ਹੰਸ ਰਾਜ, ਪੰਡਿਤ ਹਰੀ ਰਾਮ, ਸੰਤ ਰਾਮ ਆਜ਼ਾਦ, ਰਾਮ ਚੰਦ ਅਤੇ ਕਈ ਹੋਰਾਂ ਨਾਲ ਪੇਸ਼ ਹੋਏ ਅਤੇ ਪੰਜਾਬ ਦੀਆਂ ਅਛੂਤ ਸਮਝੀ ਜਾਣ ਵਾਲਿਆਂ ਜਾਤਾਂ ਦੇ ਅਧਿਕਾਰਾਂ ਦੀ ਮੰਗ ਕੀਤੀ। ਇਸ ਦੇ ਉਲਟ, ਇਸੇ ਸਿਲਸਿਲੇ ਵਿੱਚ ਬਣੀਆਂ ਸੂਬਿਆਂ ਦੀਆਂ ਕਮੇਟੀਆਂ ਵਿਚੋਂ “Punjab Provincial Franchise Committee”, ਜਿਸ ਦੇ ਮੁਖੀ ਪੰਡਿਤ ਨਾਨਕ ਚੰਦ ਸਨ ਨੇ ਆਪਣੇ ਸਾਥੀਆਂ ਸਮੇਤ ਪੰਜਾਬ ਅੰਦਰ ਅਛੂਤ ਜਾਤੀਆਂ ਦੇ ਅਲੱਗ ਤੋਂ ਮੰਗੇ ਜਾ ਰਹੇ ਵੋਟ ਦੇ ਅਧਿਕਾਰ ਨੂੰ ਇਹ ਕਹਿ ਕੇ ਸਿਰੇ ਤੋਂ ਹੀ ਖਾਰਿਜ ਕਰਤਾ ਕਿ ਪੰਜਾਬ ਅੰਦਰ ਅਛੂਤ ਜਾਤਾਂ ਕੋਈ ਅਲਗ ਵਰਗ ਹੀ ਨਹੀਂ ਹੈ, ਜਿਵੇਂ ਕਿ ਦੱਖਣੀ ਯਾ ਭਾਰਤ ਦੇ ਹੋਰ ਖੇਤਰਾਂ ਵਿੱਚ ਹਨ। ਬਾਬਾਸਾਹਿਬ ਨੇ ਇਸ ਮੁੱਦੇ ਤੇ 1 ਮਈ 1932 ਨੂੰ ਇੱਕ ਖਾਸ ਖਤ ਲੋਥੀਂਅਨ ਕਮੇਟੀ ਵਿਖੇ ਜਮਾ ਕਰਵਾਇਆ। ਉਨ੍ਹਾਂ ਪੁਰਜੋਰ ਅਪੀਲ ਕੀਤੀ ਕਿ ਇਸ ਮਸਲੇ ਦੇ ਸਾਰਿਆਂ ਪਹਿਲੂਆਂ ਨੂੰ ਬਾਰੀਕੀ ਨਾਲ ਪੜਤਾਲੀਆਂ ਜਾਵੇ ਤਾਕਿ ਪੰਜਾਬ ਦੇ ਅਛੂਤਾਂ ਨੂੰ ਵੋਟ ਦਾ ਅਧਿਕਾਰ ਮਿਲ ਸਕੇ।

ਦੂਸਰੀ ਯਾਤਰਾ

ਬਾਬਾਸਾਹਿਬ ਦੀ ਦੂਸਰੀ ਪੰਜਾਬ ਯਾਤਰਾਂ ਉਦੋਂ ਹੋਈ ਜਦੋਂ 1935 ਵਿੱਚ ਉਨ੍ਹਾਂ ਨੇ ਹਿੰਦੂ ਧਰਮ ਛੱਡਣ ਦਾ ਫੈਸਲਾ ਕੀਤਾ। ਕਈ ਧਰਮਾਂ ਦੇ ਆਗੂ ਉਨ੍ਹਾਂ ਨਾਲ ਰਾਫਤਾ ਕਾਇਮ ਕਰਣ ਲੱਗੇ ਕਿ ਉਹ ਉਨ੍ਹਾਂ ਦਾ ਧਰਮ ਸਵੀਕਾਰ ਕਰਣ, ਜਿਸ ਵਿੱਚ ਈਸਾਈ ਅਤੇ ਮੁਸਲਮਾਨ ਮੁੱਖ ਸਨ। ਉਨ੍ਹਾਂ ਦੇ ਇਸ ਫੈਸਲੇ ਤੋਂ ਹਿੰਦੂ ਆਗੂ ਘਬਰਾ ਗਏ ਅਤੇ ਉਨ੍ਹਾਂ ਬਾਬਾਸਾਹਿਬ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਹਿੰਦੂ ਧਰਮ ਛੱਡਣਾ ਹੀ ਹੈ ਤਾ ਸਿੱਖ ਧਰਮ ਬਾਰੇ ਵਿਚਾਰ ਕਰੋ ਕਿਉਂਕਿ ਸਿੱਖ ਧਰਮ ਭਾਰਤੀ ਸੱਭਿਆਚਾਰ ਦਾ ਹਿੱਸਾ ਹੈ। ਸਿੱਖ ਆਗੂ ਵੀ ਬਾਬਾਸਾਹਿਬ ਦੇ ਸੰਪਰਕ ਵਿੱਚ ਆਏ ਅਤੇ ਮੁੰਬਈ ਵਿਖੇ ਖਾਲਸਾ ਕਾਲਜ ਦੀ ਸਥਾਪਨਾ ਕੀਤੀ ਗਈ, ਜਿਸਦਾ ਬਾਬਾਸਾਹਿਬ ਅੰਬੇਡਕਰ ਨੂੰ ਮੁਖੀ ਬਣਾਇਆ ਗਿਆ। ਸਿੱਖ ਆਗੂਆਂ ਦੇ ਬੁਲਾਵੇ ਤੇ ਉਹ 13-14 ਅਪ੍ਰੈਲ 1936 ਨੂੰ ਵਿਸਾਖੀ ਦੇ ਮੌਕੇ ਤੇ ਹੋਈ ਸਿੱਖ ਮਿਸ਼ਨ ਕਾਨਫਰੰਸ ਵਿੱਚ ਸ਼ਾਮਿਲ ਹੋਣ ਵਾਸਤੇ ਅੰਮ੍ਰਿਤਸਰ ਪਹੁੰਚੇ। ਇਸ ਤਰ੍ਹਾਂ ਇਹ ਉਨ੍ਹਾਂ ਦੀ ਦੁੱਜੀ ਪੰਜਾਬ ਯਾਤਰਾ ਬਣੀ।

ਤੀਸਰੀ ਯਾਤਰਾ

ਬਾਬਾਸਾਹਿਬ ਦੀ ਤੀਸਰੀ ਅਤੇ ਆਖਰੀ ਯਾਤਰਾਂ ਉਦੋਂ ਹੋਈ ਜਦ ਉਹ ਅਕਤੂਬਰ, 1951 ਦੇ ਆਖਰੀ ਹਫਤੇ ਵਿੱਚ ਸੇਠ ਕਿਸ਼ਨ ਦਾਸ, ਪ੍ਰਧਾਨ, ਸ਼ੈਡਿਊਲਡ ਕਾਸ੍ਟ ਫੇਡਰਸ਼ਨ, ਪੰਜਾਬ ਦੇ ਬੁਲਾਵੇ ਤੇ ਜਲੰਧਰ ਪਹੁੰਚੇ, ਉਨ੍ਹਾਂ ਲੁਧਿਆਣਾ ਅਤੇ ਪਟਿਆਲਾ ਵਿਖੇ ਵੀ ਵਢੇ ਜਲਸੀਆਂ ਵਿੱਚ ਸ਼ਿਰਕਤ ਕੀਤੀ। ਇਹ ਯਾਤਰਾਂ ਨ ਸਿਰਫ ਉਨ੍ਹਾਂ ਦੀ ਆਖਰੀ ਸੀ ਬਲਕਿ ਸਬ ਤੋਂ ਜ਼ਿਆਦਾ ਮਹੱਤਵਪੂਰਨ ਵੀ ਸੀ। ਪਹਿਲੀ ਵਾਰ ਉਹ ਪੰਜਾਬ ਦੀਆਂ ਅਛੂਤ ਸਮਝੀ ਜਾਣ ਵਾਲਿਆਂ ਜਾਤਾਂ ਨਾਲ ਸਿੱਧੇ ਮੁਖਾਤਿਬ ਹੋਏ ਅਤੇ ਲੱਖਾਂ ਦੇ ਇਕੱਠ ਵਿੱਚ ਉਨ੍ਹਾਂ ਸਾਮਣੇ ਆਪਣੇ ਵਿਚਾਰ ਰੱਖੇ। 27 ਅਕਤੂਬਰ ਨੂੰ ਜਲੰਧਰ ਦੇ ਬੂਟਾ ਮੰਡੀ ਵਿਖੇ ਹੋਏ ਉਨ੍ਹਾਂ ਦੇ ਇਸ ਇਤਿਹਾਸਕ ਜਲਸੇ ਦੀਆਂ ਯਾਦਾਂ ਅੱਜ ਵੀ ਪੰਜਾਬ ਦੇ ਦਲਿਤਾਂ ਅੰਦਰ ਜਿਓਂਦਿਆਂ ਹਨ ਅਤੇ ਕਈ ਆਗੂ ਅਤੇ ਲੋਕ ਅੱਜ ਵੀ ਮੌਜੂਦ ਹਨ, ਜਿਨ੍ਹਾਂ ਨੇ ਇਸ ਇਤਿਹਾਸਕ ਦਿਹਾੜੇ ਵਿੱਚ ਸ਼ਿਰਕਤ ਕੀਤੀ।

ਇਸ ਇਤਿਹਾਸਕ ਭਾਸਣ ਵਿੱਚ ਬਾਬਾਸਾਹਿਬ ਨੇ ਕਿਹਾ ਕਿ,

“ਬਚਪਨ ਤੋਂ ਹੀ ਜਦ ਤੋਂ ਮੈਂ ਜੀਵਨ ਦਾ ਅਰਥ ਸਮਝਿਆ, ਮੈਂ ਇੱਕ ਹੀ ਸਿਧਾਂਤ ਤੇ ਚੱਲੀਆਂ ਜੋ ਕਿ ਆਪਣੇ ਅਛੂਤ ਭਰਾਵਾਂ ਦੀ ਸੇਵਾ ਕਰਣ ਦਾ ਸੀ। ਮੈਂਨੂੰ ਜੀਵਨ ਵਿੱਚ ਅੱਛੀ ਤਨਖਾਹ ਵਾਲਿਆਂ ਬਹੁਤ ਸਾਰੀਆਂ ਅੱਛੀਆਂ ਨੌਕਰੀਆਂ ਦੀ ਪੇਸ਼ਕਸ਼ ਹੋਈ ਪਰ ਮੈਂ ਉਨ੍ਹਾਂ ਨੂੰ ਠੁਕਰਾਇਆ ਕਿਉਂਕਿ ਮੇਰੇ ਜੀਵਨ ਦਾ ਇੱਕ ਹੀ ਨਿਸ਼ਾਨਾ ਸੀ, ਆਪਣੇ ਲੋਕਾਂ ਦੀ ਸੇਵਾ ਕਰਨਾ।”

ਇਸ ਦੇ ਅਲਾਵਾ ਬਾਬਾਸਾਹਿਬ ਜਲੰਧਰ ਦੇ DAV ਕਾਲਜ ਵਿੱਚ ਓਥੋਂ ਦੇ ਪ੍ਰਿੰਸੀਪਲ “ਸੂਰਜ ਭਾਨ” ਦੇ ਸੱਦੇ ਤੇ ਵਿਦਿਆਰਥੀਆਂ ਨੂੰ ਵੀ ਮੁਖਾਤਿਬ ਹੋਏ। ਇਥੇ ਵੀ ਉਨ੍ਹਾਂ ਨੇ ਇੱਕ ਬਹੁਤ ਹੀ ਸ਼ਾਨਦਾਰ ਭਾਸ਼ਣ ਦਿੱਤਾ ਅਤੇ ਜਿਸ ਵਿੱਚ ਉਨ੍ਹਾਂ ਲੋਕ ਸ਼ਾਹੀ ਦੀ ਅਹਿਮੀਅਤ, ਵੰਸ਼ਵਾਦ ਦੇ ਖਤਰੇ, ਨਿਰਪੱਖ ਅਤੇ ਹਰ ਪੰਜਾਂ ਸਾਲਾਂ ਵਿੱਚ ਹੋਣ ਵਾਲਿਆਂ ਚੋਣਾਂ, ਵਿਰੋਧੀ ਧਿਰ ਦੀ ਜ਼ਰੂਰਤ ਵਰਗਿਆਂ ਪਹਿਲੂਆਂ ਵਾਰੇ ਦੱਸਿਆ। 28 ਅਕਤੂਬਰ ਨੂੰ ਉਨ੍ਹਾਂ ਲੁਧਿਆਣਾ ਅਤੇ 29 ਨੂੰ ਪਟਿਆਲਾ ਵਿਖੇ ਵੀ ਭਰਵੇਂ ਜਲਸਿਆਂ ਵਿੱਚ ਤਕਰੀਰਾਂ ਕੀਤੀਆਂ ਅਤੇ ਪੰਜਾਬ ਅਤੇ ਦੇਸ਼ ਦੇ ਰਾਜਸੀ ਅਤੇ ਸਮਾਜਿਕ ਹਾਲਾਤਾਂ ਬਾਰੇ ਆਪਣੇ ਵਿਚਾਰਾਂ ਤੋਂ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਜਾਣੂ ਕਰਵਾਇਆ।

ਪੰਜਾਬ ਨੂੰ ਦਿੱਤੇ ਤਿੰਨ ਤੋਹਫੇ

ਬਾਬਾਸਾਹਿਬ ਨੇ ਜਿੱਥੇ ਆਪਣੇ ਗਿਆਨ, ਹੁਨਰ ਅਤੇ ਸਮਾਜ ਪ੍ਰਤੀ ਜਜ਼ਬੇ ਕਰਕੇ ਪੂਰੇ ਭਾਰਤ ਦੀਆਂ ਅਛੂਤ ਜਾਤਾਂ ਨੂੰ ਹੱਕ ਦਵਾਏ; ਉਨ੍ਹਾਂ ਪੰਜਾਬ ਦੀਆਂ ਅਛੂਤ ਜਾਤਾਂ ਨੂੰ ਕੁਝ ਅਨਮੋਲ ਤੋਹਫੇ ਵੀ ਦਿੱਤੇ, ਜਿਸ ਨੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਬਹੁਤ ਭਾਰੀ ਪਰਿਵਰਤਨ ਲਿਆਂਦਾ।

ਪਹਿਲਾ ਤੋਹਫ਼ਾ

ਵੋਟਾਂ ਦੇ ਅਧਿਕਾਰਾਂ ਲਈ ਬਣੀ ਲੋਥੀਂਅਨ ਕਮੇਟੀ ਅੱਗੇ “Punjab Provincial Franchise Committee” ਦੇ ਆਗੂਆਂ ਵਲੋਂ ਅਛੂਤ ਲੋਕਾਂ ਨੂੰ ਵੱਖਰੀ ਪਛਾਣ ਵਜੋਂ ਨ ਮੰਨਣ ਕਰਕੇ ਜਦੋਂ 1932 ਨੂੰ ਭਾਰਤ ਦੇ ਅਛੂਤਾਂ ਨੂੰ ਵੱਖਰੇ ਵੋਟ ਅਤੇ ਸੀਟਾਂ(Communal Award) ਦਾ ਅਧਿਕਾਰ ਮਿਲਿਆ ਤਾਂ ਪੰਜਾਬ ਦੇ ਅਛੂਤ ਇਸ ਤੋਂ ਵਾਂਝੇ ਰਹਿ ਗਏ। ਗਾਂਧੀ ਨੇ ਇਸ ਵੱਖਰੇ ਵੋਟ ਅਤੇ ਸੀਟਾਂ ਦਾ ਵਿਰੋਧ ਕੀਤਾ ਅਤੇ ਪੂਨਾ ਵਿਖੇ ਮਰਣ ਵਰਤ ਰੱਖ ਦਿੱਤਾ। ਜਦੋਂ ਪੂਰੇ ਦੇਸ਼ ਅਤੇ ਦੁਨੀਆਂ ਤੋਂ ਲੋਕ ਬਾਬਾਸਾਹਿਬ ਨੂੰ ਗਾਂਧੀ ਦੀ ਜਾਨ ਬਚਾਉਣ ਲਈ ਬੇਨਤੀ ਕਰਣ ਲੱਗੇ ਤਾਂ ਉਨ੍ਹਾਂ ਨੂੰ ਮਜ਼ਬੂਰੀ ਵਜੋਂ “ਪੂਨਾ ਪੈਕਟ” ਤੇ ਦਸਤਖ਼ਤ ਕਰਨੇ ਪਏ। ਇਸ ਸਮਝੌਤੇ ਦੇ ਤਹਿਤ ਹੁਣ 71 ਵੱਖਰੇ ਹਲਕਿਆ ਦੀ ਜਗਹ 148 ਹਲਕੇ ਅਛੂਤਾਂ ਵਾਸਤੇ ਰਾਖਵੇਂ ਕੀਤੇ ਗਏ ਪਰ ਉਨ੍ਹਾਂ ਨੂੰ ਆਪਣੇ ਵੱਖਰੇ ਵੋਟ ਦਾ ਅਧਿਕਾਰ ਗਵਾਉਣਾ ਪਿਆ। ਪਰ ਇਸ ਸਮਝੌਤੇ ਦਾ ਬਹੁਤ ਵੱਢਾ ਫਾਇਦਾ ਪੰਜਾਬ ਦੀਆਂ ਅਛੂਤ ਜਾਤਾਂ ਨੂੰ ਹੋਇਆ। ਪਹਿਲਾ ਮਿਲੇ 71 ਹਲਕਿਆਂ ਵਿੱਚੋਂ ਪੰਜਾਬ ਲਈ ਇੱਕ ਵੀ ਹਲਕਾ ਅਛੂਤਾਂ ਲਈ ਰਾਖਵਾਂ ਨਹੀਂ ਸੀ ਪਰ ਨਵੇਂ ਸਮਝੌਤੇ ਵਿੱਚ ਬਾਬਾਸਾਹਿਬ ਦੀ ਬਦੌਲਤ ਪੰਜਾਬ ਵਿਧਾਨ ਸਭਾ ਦੀਆਂ 8 ਸੀਟਾਂ ਰਿਜ਼ਰਵ ਕੀਤੀਆਂ ਗਈਆਂ। ਜਦੋਂ 1936 ਵਿੱਚ ਚੋਣਾਂ ਹੋਈਆਂ ਤਾਂ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਛੂਤ ਜਾਤਾਂ ਦੇ ਨੁਮਾਇੰਦੇ ਲਾਹੌਰ ਅਸੇੰਬਲੀ ਵਿੱਚ ਪਹੁੰਚੇ। ਆਦਿ ਧਰਮ ਮੰਡਲ ਇਨ੍ਹਾਂ 8 ਸੀਟਾਂ ਵਿੱਚੋਂ 7 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਇਆ। ਬਾਬਾਸਾਹਿਬ ਦੀ ਦੇਣ ਕਰਕੇ ਪੰਜਾਬ ਦੀਆਂ ਅਛੂਤ ਜਾਤਾਂ ਪਹਿਲਾਂ ਜਿੱਥੇ ਪਿੰਡ ਦੀਆਂ ਪੰਚਾਇਤਾਂ ਵਿੱਚ ਵੀ ਕਨੂੰਨੀ ਤੌਰ ਤੇ ਸ਼ਾਮਿਲ ਨਹੀਂ ਸੀ ਹੋ ਸਕਦੀਆਂ ਹੁਣ ਪੰਜਾਬ ਵਿਧਾਨ ਸਭਾ ਵਿੱਚ ਪਹੁੰਚਣ ਦਾ ਮਾਣ ਹਾਸਿਲ ਕਰ ਸਕੀਆਂ। ਇਹ ਬਾਬਾਸਾਹਿਬ ਦੀ ਪੰਜਾਬ ਦੇ ਦਲਿਤਾਂ ਨੂੰ ਪਹਿਲੀ ਅਨਮੋਲ ਦੇਣ ਸੀ।

ਦੂਜਾ ਤੋਹਫ਼ਾ

ਜਦੋਂ 15 ਅਗਸਤ 1947 ਨੂੰ ਭਾਰਤ ਦੀ ਵੰਡ ਹੋਈ ਤਾਂ ਵੱਢੀ ਗਿਣਤੀ ਵਿੱਚ ਅਛੂਤ ਜਾਤਾਂ ਪਾਕਿਸਤਾਨ ਵਿੱਚ ਸਨ। ਪਾਕਿਸਤਾਨ ਸਰਕਾਰ ਨੂੰ ਇਹ ਫਿਕਰ ਪੈ ਗਿਆ ਕਿ ਜੇਕਰ ਇਹ ਕੱਮੀ ਲੋਕ ਭਾਰਤ ਚਲੇ ਗਏ ਤਾਂ ਸਾਫ-ਸਫਾਈ ਅਤੇ ਹੋਰ ਇਹੋ ਜਿਹੇ ਕਿੱਤੇ, ਜਿਨ੍ਹਾਂ ਨੂੰ ਕੋਈ ਹੋਰ ਤਬਕਾ ਹੱਥ ਨਹੀਂ ਲਾਉਂਦਾ, ਕੌਣ ਕਰੇਗਾ ? ਉਨ੍ਹਾਂ ਨੇ ਅਛੂਤ ਜਾਤਾਂ ਦੇ ਪਾਕਿਸਤਾਨ ਛੱਡ ਭਾਰਤ ਆਉਣ ਤੇ ਪਾਬੰਦੀ ਲਗਾ ਦਿੱਤੀ। ਨਤੀਜੇ ਵਜੋਂ ਬਹੁਤ ਸਾਰੇ ਦਲਿਤ ਪਾਕਿਸਤਾਨ ਵਿੱਚ ਫੱਸ ਗਏ। ਜਦੋਂ ਇਹ ਖਬਰ ਬਾਬਾਸਾਹਿਬ ਤਕ ਪਹੁੰਚੀ ਤਾਂ ਉਹ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਜਾਰਤ ਵਿੱਚ ਕਾਨੂੰਨ ਮੰਤਰੀ ਸਨ। ਉਨ੍ਹਾਂ ਨੇ 27 ਨਵੰਬਰ 1947 ਨੂੰ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਪਾਕਿਸਤਾਨ ਰਹਿ ਗਏ ਅਛੂਤਾਂ ਨੂੰ ਵਾਪਸ ਭਾਰਤ ਆਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਨੇ ਪੰਡਿਤ ਨਹਿਰੂ ਨੂੰ ਮਦਦ ਕਰਣ ਦੀ ਅਪੀਲ ਕੀਤੀ ਪਰ ਕੋਈ ਜਵਾਬ ਨ ਮਿਲਿਆ। ਅਖੀਰ ਉਨ੍ਹਾਂ ਨੇ ਮਹਾਰ ਰੈਜਮੈਂਟ ਦੀ ਮਦਦ ਨਾਲ ਕਈ ਅਛੂਤ ਪਰਿਵਾਰਾਂ ਨੂੰ ਪਾਕਿਸਤਾਨ ਤੋਂ ਭਾਰਤ ਲਿਆਉਣ ਵਿੱਚ ਸਫਲਤਾ ਹਾਸਿਲ ਕੀਤੀ। ਇਹ ਉਨ੍ਹਾਂ ਦਾ ਪੰਜਾਬ ਦੇ ਅਛੂਤਾਂ ਨੂੰ ਦੂਜਾ ਤੋਹਫ਼ਾ ਸੀ।

ਤੀਜਾ ਤੋਹਫ਼ਾ

1901 ਵਿੱਚ Punjab Land Alienation Act ਬਣਾਇਆ ਗਿਆ ਸੀ, ਜਿਸ ਕਰਕੇ ਖੇਤੀ ਕਰਨ ਵਾਲਿਆਂ ਦੀ ਜ਼ਮੀਨ ਸਿਫ਼ਰ ਖੇਤੀ ਕਰਨ ਵਾਲੇ ਹੀ ਖਰੀਦ ਸਕਦੇ ਸਨ। ਇਸ ਨੂੰ ਬਣਾਉਣ ਦਾ ਮੁੱਖ ਕਾਰਣ ਜਿਮੀਦਾਰਾਂ ਨੂੰ ਅਰੋੜੇ, ਬਾਣੀਏ ਅਤੇ ਖਤ੍ਰੀਆਂ ਹੱਥੋਂ ਕਰਜਾਈ ਹੋਣ ਕਰਕੇ ਆਪਣੀ ਜ਼ਮੀਨ ਨੂੰ ਖੁੱਸਣ ਤੋਂ ਬਚਾਉਣਾ ਸੀ। ਪਰ ਕਿਉਂਕਿ ਅਛੂਤ ਜਾਤਾਂ ਖੇਤੀ ਨਹੀਂ ਸਨ ਕਰਦਿਆਂ, ਇਸ ਕਰਕੇ ਇਹ ਕਨੂੰਨ ਉਨ੍ਹਾਂ ਉੱਪਰ ਵੀ ਲਾਗੂ ਹੋ ਗਿਆ। ਇਸ ਦੇ ਨਾਲ ਹੀ ਬਣੇ ਇੱਕ ਰਵਾਇਤੀ ਕਨੂੰਨ ਕਰਕੇ ਉਹ ਆਪਣੇ ਵਸੋਂ ਵਾਲਿਆਂ ਜ਼ਮੀਨਾਂ ਦੇ ਮਾਲਕਾਨਾਂ ਹੱਕ ਤੋਂ ਵੀ ਮਹਿਰੂਮ ਹੋ ਗਏ। ਜਦ ਬਾਬਾਸਾਹਿਬ ਅੰਬੇਡਕਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਇਸ ਕਾਨੂੰਨ ਨੂੰ ਧਾਰਾ 372 ਉਪ-ਧਾਰਾ (2) ਤਹਿਤ ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਦੇ ਖਿਲਾਫ ਹੋਣ ਕਰਕੇ ਰੱਦ ਕੀਤਾ। ਇਸ ਤਰਾਹ ਪਹਿਲੀ ਵਾਰ ਪੰਜਾਬ ਦੀਆਂ ਅਛੂਤ ਜਾਤਾਂ ਨੂੰ ਆਪਣੇ ਰਿਹਾਇਸ਼ੀ ਜ਼ਮੀਨਾਂ ਦੇ ਨਾਲ-ਨਾਲ ਖੇਤੀ ਵਾਲੀ ਜ਼ਮੀਨ ਨੂੰ ਖਰੀਦਣ ਅਤੇ ਉਸ ਨੂੰ ਕਾਨੂੰਨੀ ਤੌਰ ਤੇ ਆਪਣੇ ਨਾਮ ਕਰਵਾਉਣ ਦਾ ਅਧਿਕਾਰ ਵੀ ਮਿਲਿਆ। ਇਹ ਬਾਬਾਸਾਹਿਬ ਦਾ ਪੰਜਾਬ ਦੇ ਦਲਿਤਾਂ ਨੂੰ ਤੀਸਰਾ ਅਤੇ ਇੱਕ ਬਹੁਤ ਹੀ ਮਹੱਤਵਪੂਰਨ ਤੋਹਫ਼ਾ ਸੀ, ਜਿਸਨੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਬਹੁਤ ਵੱਢਾ ਬਦਲ ਲਿਆਂਦਾ।

ਪੰਜਾਬ ਦੇ ਤਿੰਨ ਸਹਿਯੋਗੀ

ਭਦੰਤ ਆਨੰਦ ਕੌਂਸਲਯਾਨ

ਹਰਨਾਮ ਦਾਸ(ਉਨ੍ਹਾਂ ਦਾ ਜਨਮ ਦਾ ਨਾਮ) ਦਾ ਜਨਮ 1905 ਨੂੰ ਚੰਡੀਗੜ੍ਹ ਨੇੜੇ ਇੱਕ ਪਿੰਡ ਦੇ ਖਤ੍ਰੀ ਪਰਿਵਾਰ ਵਿੱਚ ਹੋਇਆ ਸੀ। 1924 ਵਿੱਚ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਉਨ੍ਹਾਂ ਗ੍ਰੈਜੂਏਸ਼ਨ ਕੀਤੀ। 1926 ਵਿੱਚ ਉਨ੍ਹਾਂ ਗ੍ਰਿਹਸਤ ਜੀਵਨ ਤਿਆਗ ਦਿੱਤਾ ਅਤੇ ਆਪਣੇ ਪਾਰਿਵਾਰਿਕ ਰਿਸ਼ਤੇ ਖਤਮ ਕਰ ਆਰੀਆ ਸਮਾਜ ਨਾਲ ਜੁੜੇ ਅਤੇ ਆਪਣਾ ਨਾਂ ਬ੍ਰਹਮਚਾਰੀ ਵਿਸ਼ਵਨਾਥ ਰੱਖਿਆ। ਜਲਦੀ ਹੀ ਆਰੀਆ ਸਮਾਜ ਦੇ ਵਿਚਾਰਾਂ ਤੋਂ ਅਸਹਿਮਤੀ ਹੋਣ ਕਰਕੇ ਉਨ੍ਹਾਂ ਤੋਂ ਦੂਰ ਹੋ ਗਏ ਅਤੇ ਕੁਝ ਸਮਾਂ ਬਾਦ 10 ਫਰਵਰੀ 1928 ਨੂੰ ਉਨ੍ਹਾਂ ਨੇ ਬੌਧ ਧੱਮ ਸਵੀਕਾਰ ਕੀਤਾ ਅਤੇ “ਆਨੰਦ ਕੌਂਸਲਯਾਨ” ਦੇ ਨਵੇਂ ਨਾਮ ਨਾਲ ਭਿਕਸ਼ੂ ਬਣ ਗਏ। ਉਨ੍ਹਾਂ ਦਾ ਬਾਬਾਸਾਹਿਬ ਨਾਲ ਸੰਪਰਕ 1944 ਵਿੱਚ ਹੋਇਆ ਅਤੇ ਉਹ ਲਗਾਤਾਰ ਉਨ੍ਹਾਂ ਨਾਲ ਜੁੜੇ ਰਹੇ। ਹਾਲਾਂਕਿ ਉਹ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਬਾਬਾਸਾਹਿਬ ਵਲੋਂ ਕੀਤੀ ਕਈ ਧੱਮ ਦੀਕਸ਼ਾ ਵਿੱਚ ਚੀਨ ਵਿਖੇ ਹੋਣ ਕਰਕੇ ਸ਼ਾਮਿਲ ਨ ਹੋ ਸਕੇ ਪਰ ਵਾਪਸ ਲੌਟਦਿਆਂ ਹੀ ਉਹ ਮਹਾਰਾਸ਼ਟਰ ਪਹੁੰਚੇ ਅਤੇ ਅਗਲੀਆਂ ਕਈ ਦੀਕਸ਼ਾ ਸਮਾਰੋਹਾਂ ਵਿੱਚ ਸ਼ਾਮਿਲ ਹੋਏ। ਜਦ 6 ਦਸੰਬਰ 1956 ਨੂੰ ਬਾਬਾਸਾਹਿਬ ਅੰਬੇਡਕਰ ਨੂੰ ਮਹਾਪਰਿਨਿਰਵਾਣ ਪ੍ਰਾਪਤ ਹੋਇਆ ਤਾਂ ਉਹ ਦਿੱਲੀ ਵਿੱਚ ਮੌਜੂਦ ਸਨ ਅਤੇ ਬਾਬਾਸਾਹਿਬ ਦੇ ਸੰਸਕਾਰ ਦੀਆਂ ਤਿਆਰੀਆਂ ਵਿੱਚ ਬਹੁਤ ਵਢੀ ਜਿੰਮੇਵਾਰੀ ਨਿਭਾਈ। ਕਈ ਹੋਰ ਸਾਥੀਆਂ ਸਮੇਤ ਉਹ ਬਾਬਾਸਾਹਿਬ ਦੀ ਮ੍ਰਿਤ ਦੇਹ ਨੂੰ ਲੈਕੇ ਹਵਾਈ ਜਹਾਜ਼ ਰਾਹੀਂ 7 ਦਸੰਬਰ ਤੜਕੇ ਮੁੰਬਈ ਪਹੁੰਚੇ ਅਤੇ ਉਨ੍ਹਾਂ ਦੇ ਸੰਸਕਾਰ ਨੂੰ ਬੌਧ ਰੀਤੀਆਂ ਮੁਤਾਬਕ ਪੂਰਾ ਕਰਵਾਇਆ। ਭਦੰਤ ਆਨੰਦ ਕੌਂਸਲਯਾਨ ਨੇ ਸਾਰਾ ਜੀਵਨ ਬਾਬਾਸਾਹਿਬ ਦੇ ਸੁਪਨਿਆਂ ਨੂੰ ਪੂਰਨ ਕਰਨ ਲਈ ਬਹੁਤ ਸਾਰੇ ਉਪਰਾਲੇ ਕੀਤੇ, ਜਿਨ੍ਹਾਂ ਵਿਚੋਂ ਉਨ੍ਹਾਂ ਦੀ ਇਤਿਹਾਸਿਕ ਕਿਤਾਬ “The Buddha and his Dhamma” ਦਾ ਪੰਜਾਬੀ ਅਤੇ ਹਿੰਦੀ ਵਿੱਚ ਅਨੁਵਾਦ ਵੀ ਸ਼ਾਮਿਲ ਹੈ। ਜੂਨ 1988 ਨੂੰ ਬਾਬਾਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਆਪਣੀਆਂ ਅਨਮੋਲ ਸੇਵਾਵਾਂ ਦੇਕੇ ਪੰਜਾਬ ਦੇ ਇਸ ਮਹਾਨ ਬੌਧ ਭਿਕਸ਼ੂ ਨੇ ਆਪਣਾ ਸ਼ਰੀਰ ਤਿਆਗਿਆ।

Dr. ਆਰ.ਐਲ.ਸੋਨੀ

ਜੂਨ 1904 ਨੂੰ ਪੰਜਾਬ ਦੇ ਹੋਸ਼ਿਆਰਪੂਰ ਜਿਲੇ ਦੇ ਇਕ ਬਜਵਾਰਾ ਪਰਿਵਾਰ ਵਿੱਚ ਜਨਮੇ ਰੂਪ ਲਾਲ ਸੋਨੀ ਨੇ ਆਪਣਾ ਬਚਪਨ ਪੂਰਵੀ ਅਫਰੀਕਾ ਦੇ ਜ਼ਾਂਜ਼ੀਬਾਰ ਵਿਖੇ ਗੁਜ਼ਾਰਿਆ, ਜਿੱਥੇ ਉਨ੍ਹਾਂ ਦੇ ਪਿਤਾ ਡੀ.ਡੀ.ਸੋਨੀ ਮੈਡੀਕਲ ਅਫਸਰ ਸਨ। 1929 ਵਿੱਚ ਲਾਹੌਰ ਦੇ ਕਿੰਗ ਐਡਵਰਡ ਮੈਡੀਕਲ ਕਾਲਜ ਤੋਂ ਡਾਕ੍ਟਰੀ ਦੀ ਪੜ੍ਹਾਈ ਕਰਣ ਤੋਂ ਬਾਦ ਉਹ ਬਰਮਾ ਸੈਰ ਵਾਸਤੇ ਗਏ। ਬਰਮਾ ਜੋ ਕਿ ਇੱਕ ਬੌਧ ਦੇਸ਼ ਹੈ ਵਿਖੇ ਦੇ ਜੀਵਨ ਨੇ ਉਨ੍ਹਾਂ ਤੇ ਗਹਿਰਾ ਅਸਰ ਪਾਇਆ ਅਤੇ ਉਹ ਉੱਥੇ ਹੀ ਬਸ ਗਏ। ਬੁੱਧ ਧੱਮ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ 1933 ਨੂੰ “ਭਦੰਤ ਲੋਕਨਾਥ” ਜੋ ਕਿ ਇੱਕ ਮਸ਼ਹੂਰ ਇਟਾਲੀਅਨ ਭਿਕਸ਼ੂ ਸਨ ਤੋਂ ਦੀਕਸ਼ਾ ਲਈ। ਜਦ 1935 ਨੂੰ ਬਾਬਾਸਾਹਿਬ ਅੰਬੇਡਕਰ ਨੇ ਹਿੰਦੂ ਧਰਮ ਛੱਡਣ ਦਾ ਐਲਾਨ ਕੀਤਾ ਤਾਂ Dr.ਸੋਨੀ ਨੇ ਆਪਣੇ ਗੁਰੂ ਭਦੰਤ ਲੋਕਨਾਥ ਨੂੰ ਬਾਬਾਸਾਹਿਬ ਨਾਲ ਮਿਲ ਕੇ, ਉਨ੍ਹਾਂ ਨੂੰ ਬੁੱਧ ਧੱਮ ਅਪਨਾਉਣ ਵਾਸਤੇ ਬੇਨਤੀ ਕੀਤੀ। ਉਨ੍ਹਾਂ ਦੇ ਕਹੇ ਤੇ ਭਦੰਤ ਲੋਕਨਾਥ 1935 ਦੇ ਆਖਰੀ ਮਹੀਨਿਆਂ ਵਿੱਚ ਭਾਰਤ ਆਏ ਅਤੇ ਬਾਬਾਸਾਹਿਬ ਨਾਲ ਇਸ ਵਿਸ਼ੇ ਤੇ ਕਈ ਮੁਲਾਕਾਤਾ ਕੀਤੀਆਂ। Dr.ਸੋਨੀ ਨਾਲ ਬਾਬਾਸਾਹਿਬ ਦੇ ਰਿਸ਼ਤੇ ਉਦੋਂ ਮਜ਼ਬੂਤ ਹੋਏ ਜਦੋਂ ਉਨ੍ਹਾਂ ਦੋਵਾਂ ਨੇ 1950 ਵਿੱਚ ਸ੍ਰੀ ਲੰਕਾ ਵਿਖੇ ਹੋਈ ਇਕ ਵਿਸ਼ਵ ਪੱਧਰੀ ਬੁੱਧ ਕਾਨਫਰੰਸ ਵਿੱਚ ਹਿੱਸਾ ਲਿਆ। ਦਸੰਬਰ 1954 ਨੂੰ ਬਾਬਾਸਾਹਿਬ ਰੰਗੂਨ, ਬਰਮਾ ਵਿਖੇ ਤੀਸਰੀ ਵਿਸ਼ਵ ਪੱਧਰੀ ਬੁੱਧ ਕਾਨਫਰੰਸ ਵਿੱਚ ਸ਼ਾਮਿਲ ਹੋਣ ਵਾਸਤੇ ਪਹੁੰਚੇ ਤਾਂ ਉਹ 8 ਤੋਂ 14 ਦਸੰਬਰ 1954 ਤਕ Dr. ਆਰ.ਐਲ.ਸੋਨੀ ਦੇ ਮਹਿਮਾਨ ਦੇ ਤੌਰ ਤੇ ਉਨ੍ਹਾਂ ਦੇ ਘਰ ਰਹੇ। ਐਸ ਹੀ ਦੌਰੇ ਦੇ ਪੰਜਵੇ ਦਿਨ ਮੈਂਡਲੇ(Mandalay) ਵਿਖੇ ਬਾਬਾਸਾਹਿਬ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਹਿੰਦੂ ਧਰਮ ਛੱਡਣ ਦਾ ਫੈਸਲਾ ਕਰ ਲਿਆ ਹੈ ਅਤੇ 1956 ਨੂੰ ਉਹ ਭਾਰਤ ਵਿਖੇ ਆਪਣੇ ਸਾਥੀਆਂ ਸਮੇਤ ਬੁੱਧ ਧੱਮ ਸਵੀਕਾਰ ਕਰ ਲੈਣਗੇ। 14 ਅਕਤੂਬਰ 1956 ਨੂੰ ਬਾਬਾਸਾਹਿਬ ਅੰਬੇਡਕਰ ਦੇ ਬੁੱਧ ਧੱਮ ਦੀ ਦੀਕਸ਼ਾ ਲੈਣ ਦੇ ਕੁਝ ਹੀ ਸਮਾਂ ਬਾਦ ਜਦ 6 ਦਸੰਬਰ 1956 ਨੂੰ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਤਾਂ Dr. ਆਰ.ਐਲ.ਸੋਨੀ ਨੂੰ ਭਾਰੀ ਧੱਕਾ ਲੱਗਿਆ। ਜਦ 1957 ਨੂੰ ਧੱਮ ਦੀਕਸ਼ਾ ਦੀ ਨਾਗਪੁਰ ਵਿੱਚ ਪਹਿਲੀ ਸਾਲਗਿਰਹ ਮਨਾਈ ਗਈ ਤਾਂ Dr. ਆਰ.ਐਲ.ਸੋਨੀ ਨੂੰ ਉਸ ਵਿੱਚ ਮੁਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਉਨ੍ਹਾਂ ਸਾਰਾ ਜੀਵਨ ਬਾਬਾਸਾਹਿਬ ਦੇ ਸੁਪਨੇ ਨੂੰ ਪੂਰਾ ਕਰਣ ਲਈ ਉਪਰਾਲੇ ਜਾਰੀ ਰੱਖੇ ਅਤੇ 27 ਅਪ੍ਰੈਲ 1982 ਨੂੰ ਪੰਜਾਬ ਦੇ ਬਾਬਾਸਾਹਿਬ ਦੇ ਇਸ ਦੂਸਰੇ ਸਰਪ੍ਰਸਤ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ।

ਨਾਨਕ ਚੰਦ ਰੱਤੂ

ਪੰਜਾਬ ਤੋਂ ਬਾਬਾਸਾਹਿਬ ਅੰਬੇਡਕਰ ਦਾ ਤੀਸਰਾ ਅਤੇ ਸਬਤੋਂ ਮਹੱਤਵਪੂਰਨ ਸਰਪ੍ਰਸਤ ਸੀ “ਨਾਨਕ ਚੰਦ ਰੱਤੂ”। 6 ਫਰਵਰੀ 1922 ਨੂੰ ਹੋਸ਼ਿਆਰਪੂਰ ਜਿਲੇ ਦੇ ਸਕਰੂਲੀ ਪਿੰਡ ਵਿਖੇ ਇੱਕ ਅਛੂਤ ਪਰਿਵਾਰ ਵਿੱਚ ਜਨਮੇ ਰੱਤੂ ਜੀ ਨੇ 1938 ਵਿੱਚ ਦਸਵੀ ਪਾਸ ਕੀਤੀ। ਨੌਕਰੀ ਵਾਸਤੇ ਉਹ 1939 ਵਿੱਚ ਦਿੱਲੀ ਗਏ ਅਤੇ ਕਈ ਛੋਟੀਆਂ ਮੋਟੀਆਂ ਨੌਕਰੀਆਂ ਕੀਤੀਆਂ। ਉਨ੍ਹਾਂ ਨੇ ਬਾਬਾਸਾਹਿਬ ਅੰਬੇਡਕਰ ਬਾਰੇ ਕਾਫੀ ਸੁਣਿਆ ਸੀ ਅਤੇ ਦਸੰਬਰ 1941 ਦੇ ਪਹਿਲੇ ਹਫਤੇ ਵਿੱਚ ਉਨ੍ਹਾਂ ਨੂੰ ਅੱਖੀਂ ਦੇਖਿਆ ਜਦੋਂ ਉਹ ਨੈਸ਼ਨਲ ਡਿਫੈਂਸ ਕੌਂਸਿਲ ਦੀ ਇਕ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਪਹੁੰਚੇ। ਜਦ ਬਾਬਾਸਾਹਿਬ ਵਾਇਸਰਾਏ ਦੀ ਐਕਜ਼ਏਕੁਟਿਵ ਕੌਂਸਿਲ(Executive Council) ਦੇ ਮੇਂਬਰ ਦੇ ਤੌਰ ਤੇ ਰਹਿਣ ਲਈ ਦਿੱਲੀ ਆਏ ਤਾਂ ਨਾਨਕ ਚੰਦ ਰੱਤੂ ਉਨ੍ਹਾਂ ਦੇ ਘਰ 22 ਪ੍ਰੀਥਵੀਰਾਜ ਰੋਡ ਵਿਖੇ ਹਮੇਸ਼ਾ ਜਾਣ ਲੱਗੇ। 1942 ਤੋਂ ਲੈਕੇ 1951 ਤੱਕ ਉਹ ਲਗਾਤਾਰ ਬਾਬਾਸਾਹਿਬ ਦੇ ਘਰੇ ਜਾਂਦੇ ਰਹੇ ਪਰ ਕਦੇ ਉਨ੍ਹਾਂ ਨਾਲ ਕੋਈ ਜ਼ਿਆਦਾ ਗੱਲਬਾਤ ਨਹੀਂ ਕਰ ਸਕੇ ਪਰ ਬਾਬਾਸਾਹਿਬ ਉਨ੍ਹਾਂ ਨੂੰ ਹਮੇਸ਼ਾ ਘਰ ਆਉਣ ਕਰਕੇ ਪਛਾਣ ਚੁਕੇ ਸਨ।

ਜਦ ਸਿਤੰਬਰ 1951 ਨੂੰ ਬਾਬਾਸਾਹਿਬ ਨੇ ਪੰਡਿਤ ਨਹਿਰੂ ਦੇ ਮੰਤਰੀ ਮੰਡਲ ਤੋਂ ਇਸਤੀਫ਼ਾ ਦਿੱਤਾ ਤਾਂ ਉਨ੍ਹਾਂ ਦੇ ਸਾਰੇ ਸਰਕਾਰੀ ਕਰਮਚਾਰੀਆਂ ਦੇ ਤਬਾਦਲੇ ਕਰਤੇ ਗਏ। ਬਾਬਾਸਾਹਿਬ ਨੂੰ ਆਪਣੇ ਨਿਜੀ ਕੱਮਾ-ਕਾਰਾ ਲਈ ਲੋਕ ਚਾਹੀਦੇ ਸਨ ਤਦ ਉਨ੍ਹਾਂ ਦੀ ਨਿਗਾਹ ਨਾਨਕ ਚੰਦ ਰੱਤੂ ਤੇ ਪਈ। ਜਦ ਰੱਤੂ ਜੀ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦੇ ਘਰੇ ਗਏ ਤਾਂ ਬਾਬਾਸਾਹਿਬ ਨੇ ਰੱਤੂ ਜੀ ਨੂੰ ਆਖਿਆ, “ਕਿ ਤੁਸੀਂ ਕੱਲ ਸਵੇਰੇ ਘਰੇ ਆ ਸਕਦੇ ਹੋ ? ਰੱਤੂ ਜੀ ਨੇ ਬੜੀ ਖੁਸ਼ੀ ਨਾਲ ਜਵਾਬ ਦਿੱਤਾ ਕਿ “ਜਰੂਰ ਬਾਬਾਸਾਹਿਬ”। ਜਦ ਦੂਜੇ ਦਿਨ ਰੱਤੂ ਜੀ ਸਵੇਰੇ ਬਾਬਾਸਾਹਿਬ ਦੇ ਘਰੇ ਪਹੁੰਚੇ ਤਾਂ ਬਾਬਾਸਾਹਿਬ ਨੇ ਕਿਹਾ ਕਿ “ਮੈਨੂੰ ਮਦਦ ਦੀ ਲੋੜ ਹੈ; ਆਪਣੇ ਸਾਹਿਤਿਕ, ਦਫਤਰ, ਮਿਲਣ ਵਾਲਿਆਂ ਅਤੇ ਘਰ ਦੇ ਕੱਮਾ ਲਈ ਕਿ ਤੁਸੀਂ ਮੇਰੀ ਜਿੰਨੀ ਵੀ ਹੋ ਸਕੇ ਮਦਦ ਕਰ ਸਕਦੇ ਹੋ ?” ਰੱਤੂ ਜੀ ਨੇ ਬੜੀ ਖੁਸ਼ੀ ਨਾਲ ਹਾਮੀ ਭਾਰੀ। ਕੁਝ ਦਿਨਾਂ ਬਾਦ ਬਾਬਾਸਾਹਿਬ ਨੇ ਆਪਣਾ ਸਰਕਾਰੀ ਬੰਗਲਾ ਖਾਲੀ ਕਰਤਾ ਅਤੇ 26 ਅਲੀਪੁਰ ਰੋਡ ਵਿਖੇ ਰਹਿਣ ਲਈ ਚਲੇ ਗਏ। ਨਾਨਕ ਚੰਦ ਰੱਤੂ ਅਤੇ ਹੋਰ ਸਾਥੀਆਂ ਨੂੰ ਬਾਬਾਸਾਹਿਬ ਦੀ ਬਹੁਤ ਵੱਢੀ ਲਾਇਬ੍ਰੇਰੀ ਅਤੇ ਹੋਰ ਕਾਗਜ਼ਾਤਾਂ ਨੂੰ ਬੰਗਲੇਂ ਤੋਂ ਲਿਆਕੇ ਨਵੇਂ ਘਰੇ ਰੱਖਣ ਲਈ ਕਈ ਦਿਨ ਲੱਗੇ। ਬਾਬਾਸਾਹਿਬ ਰੱਤੂ ਜੀ ਦੀ ਕੜੀ ਮੇਹਨਤ ਅਤੇ ਕਿਤਾਬਾਂ ਅਤੇ ਕਾਗਜ਼ਾਤਾਂ ਦੀ ਅੱਛੀ ਸੰਭਾਲ ਤੋਂ ਬਹੁਤ ਖੁਸ਼ ਹੋਏ ਅਤੇ ਆਪਣੇ ਆਖਰੀ ਸਮੇਂ ਤੱਕ ਉਨ੍ਹਾਂ ਨੂੰ ਆਪਣੇ ਨਾਲ ਰੱਖਿਆ। ਉਹ ਰੋਜ਼ ਆਪਣੀ ਨੌਕਰੀ ਤੋਂ ਬਾਦ ਸ਼ਾਮ ਨੂੰ ਬਾਬਾਸਾਹਿਬ ਦੇ ਘਰੇ ਪਹੁੰਚ ਜਾਂਦੇ ਅਤੇ ਦੇਰ ਰਾਤ ਤੱਕ ਉਨ੍ਹਾਂ ਨੂੰ ਸਹਿਯੋਗ ਕਰਦੇ ਅਤੇ ਐਤਵਾਰ ਅਤੇ ਛੁੱਟੀਆਂ ਵਾਲੇ ਦਿਨ ਸਾਰਾ-ਸਾਰਾ ਦਿਨ, ਉਨ੍ਹਾਂ ਨਾਲ ਹੀ ਰਹਿੰਦੇ। ਉਨ੍ਹਾਂ ਨੇ ਬਾਬਾਸਾਹਿਬ ਦੀਆਂ ਕਈ ਇਤਿਹਾਸਕ ਕਿਤਾਬਾਂ ਨੂੰ ਟਾਈਪ ਵੀ ਕੀਤਾ, ਜਿਸ ਵਿੱਚ The Buddha and his Dhamma, Buddha and Karl Marx, Revolution and Counter Revolution in Ancient India ਅਤੇ Riddles in Hinduism ਮੁੱਖ ਸਨ ।

ਜਦ ਬਾਬਾਸਾਹਿਬ ਨੇ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਬੁੱਧ ਧੱਮ ਦੀ ਦੀਕਸ਼ਾ ਲਈ ਗਏ ਤਾਂ ਉਹ ਨਾਨਕ ਚੰਦ ਰੱਤੂ ਨੂੰ ਆਪਣੇ ਨਾਲ ਦਿੱਲੀ ਤੋਂ ਨਾਗਪੁਰ ਲੈਕੇ ਗਏ। ਇਸ ਤਰ੍ਹਾਂ ਉਨ੍ਹਾਂ ਨੂੰ ਇਸ ਇਤਿਹਾਸਕ ਦਿਨ ਵਿੱਚ ਮੌਜੂਦ ਹੋਣ ਵਾਲੇ ਇਕਲੌਤੇ ਪੰਜਾਬੀ ਹੋਣ ਦਾ ਮਾਣ ਵੀ ਮਿਲਿਆ। 6 ਦਸੰਬਰ 1956 ਨੂੰ ਬਾਬਾਸਾਹਿਬ ਦੀ ਮੌਤ ਤੋਂ ਠੀਕ ਪਹਿਲਾ 5 ਦਸੰਬਰ ਨੂੰ ਰਾਤ 11 ਵਜੇ ਤੱਕ ਉਹ ਉਨ੍ਹਾਂ ਨਾਲ ਸਨ। ਉਨ੍ਹਾਂ ਦੀ ਮੌਤ ਦੀ ਦਰਦਨਾਕ ਖ਼ਬਰ ਉਨ੍ਹਾਂ ਨੂੰ ਸਵੇਰੇ ਮਿਲੀ ਅਤੇ ਉਹ ਦੁਖੀ ਹਿਰਦੇ ਨਾਲ ਬਾਬਾਸਾਹਿਬ ਦੇ ਮੁੰਬਈ ਵਿਖੇ ਸੰਸਕਾਰ ਦੀਆਂ ਤਿਆਰੀਆਂ ਵਿੱਚ ਲੱਗੇ ਅਤੇ ਜਹਾਜ ਰਾਹੀਂ ਉਨ੍ਹਾਂ ਦੇ ਨਾਲ ਮੁੰਬਈ ਪਹੁੰਚ 7 ਦਸੰਬਰ ਨੂੰ ਆਪਣੀਆਂ ਨਿੱਘੀਆਂ ਅੱਖਾਂ ਨਾਲ ਉਨ੍ਹਾਂ ਦਾ ਸੰਸਕਾਰ ਕੀਤਾ।

ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਬਾਬਾਸਾਹਿਬ ਅੰਬੇਡਕਰ ਦਾ ਪੰਜਾਬ ਨਾਲ ਸ਼ੁਰੂ ਤੋਂ ਹੀ ਇੱਕ ਵਿਲੱਖਣ ਰਿਸ਼ਤਾ ਰਿਹਾ ਹੈ। ਜਿੱਥੇ ਉਨ੍ਹਾਂ ਨੇ ਪੰਜਾਬ ਦੇ ਅਛੂਤਾਂ ਨੂੰ ਵੋਟ ਦੇ ਅਧਿਕਾਰ ਅਤੇ ਪੰਜਾਬ ਵਿਧਾਨ ਸਭਾ ਵਿੱਚ ਨੁਮਾਇੰਦਗੀ ਲੈਕੇ ਦਿੱਤੀ ਉੱਥੇ ਹੀ ਕਾਨੂੰਨ ਮੰਤਰੀ ਬਣਦੀਆਂ ਹੀ ਪਹਿਲਾ ਕੰਮ ਪੰਜਾਬ ਦੇ ਉਸ ਕਾਨੂੰਨ ਨੂੰ ਰੱਦ ਕਰਣ ਦਾ ਕੀਤਾ, ਜਿਸ ਕਰਕੇ ਪੰਜਾਬ ਦੇ ਅਛੂਤਾਂ ਨੂੰ ਜ਼ਮੀਨ ਆਪਣੇ ਨਾਮ ਕਰਵਾਉਣ ਤੋਂ ਵਾਂਝੇ ਕੀਤਾ ਗਿਆ ਸੀ। 1951 ਵਿੱਚ ਕਾਨੂੰਨ ਮੰਤਰੀ ਦੇ ਉਹਦੇ ਤੋਂ ਇਸਤੀਫ਼ਾ ਦੇਣ ਤੋਂ ਬਾਦ ਉਨ੍ਹਾਂ ਨੇ ਸਬਤੋਂ ਪਹਿਲਾ ਪ੍ਰੋਗਰਾਮ ਪੰਜਾਬ ਦਾ ਬਣਾਇਆ ਅਤੇ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿਖੇ ਵੱਢੇ ਜਲਸੇ ਕੀਤੇ। ਭਦੰਤ ਆਨੰਦ ਕੌਂਸਲਯਾਨ, Dr. ਆਰ.ਐਲ.ਸੋਨੀ ਅਤੇ ਨਾਨਕ ਚੰਦ ਰੱਤੂ ਵਰਗੀਆਂ ਪੰਜਾਬੀਆਂ ਨੇ ਉਨ੍ਹਾਂ ਦੇ ਜੀਵਨ ਦੇ ਆਖਰੀ ਦੀਨਾ ਤੱਕ ਬਾਬਾਸਾਹਿਬ ਦਾ ਪੂਰਾ ਸਾਥ ਦਿੱਤਾ ਅਤੇ ਉਨ੍ਹਾਂ ਦੀਆਂ ਵਿਚਾਰਾਂ ਤੇ ਆਪਣੇ ਆਖਰੀ ਦਮ ਤੱਕ ਚੱਲੇ।

ਬਾਬਾਸਾਹਿਬ ਅੰਬੇਡਕਰ ਦਾ ਪੰਜਾਬ ਨਾਲ ਇਹ ਰਿਸ਼ਤਾ ਅੱਜ ਵੀ ਬਦਸਤੂਰ ਕਾਇਮ ਹੈ ਅਤੇ ਸਿਰਫ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸੇ ਪੰਜਾਬ ਦੇ ਦਲਿਤਾਂ ਨੇ ਅੱਜ ਉਨ੍ਹਾਂ ਨੂੰ ਇੱਕ ਮਹਾਨ ਰਾਸ਼ਟਰੀ ਆਗੂ ਹੀ ਨਹੀਂ ਸਗੋਂ ਮਹਾਨ ਅੰਤਰਰਾਸ਼ਟਰੀ ਆਗੂ ਵਜੋਂ ਸਥਾਪਿਤ ਕਰਤਾ ਹੈ।

ਬਾਬਾਸਾਹਿਬ ਅੰਬੇਡਕਰ ਵਲੋਂ ਪੰਜਾਬ ਦੀਆਂ ਅਛੂਤ ਸਮਝੀਂ ਜਾਣ ਵਾਲਿਆਂ ਜਾਤਾਂ ਉੱਤੇ ਕੀਤੇ ਗਏ ਅਹਿਸਾਨਾਂ ਦੀ ਇਹ ਭਰਪਾਈ ਤਾਂ ਨਹੀਂ ਪਰ ਇਕ ਛੋਟੀ ਜਿਹੀ ਭੇਂਟ ਜ਼ਰੂਰ ਹੈ।

ਜੈ ਭੀਮ ਜੈ ਭਾਰਤ

ਸਤਵਿੰਦਰ ਮਦਾਰਾ

D.C.Ahir ਦੀ Dr.Ambedkar and Punjab ਦੇ ਹਵਾਲੇ ਤੋਂ।

Sponsored Content

+ There are no comments

Add yours