ਸਾਹਿਬ ਕਾਂਸ਼ੀ ਰਾਮ ਅਤੇ ਪੰਜਾਬ
ਪੰਜਾਬ ਦੀ ਧਰਤੀ ਅਣਖੀ ਸੂਰਮਿਆਂ ਦੀ ਧਰਤੀ ਹੈ, ਜੋ ਆਪਣੀ ਹਿੰਮਤ ਅਤੇ ਦਿਲੇਰੀ ਲਈ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ। ਇੱਕ ਇਹੋ ਜਿਹਾ ਹੀ ਸੂਰਮਾ ਰੋਪੜ ਜਿਲੇ ਦੇ ਪਿਰਥੀ ਪੁਰ ਬੁੰਗਾ ਸਾਹਿਬ ਵਿਖੇ 15 ਮਾਰਚ 1934 ਨੂੰ ਮਾਤਾ ਬਿਸ਼ਨ ਕੌਰ ਅਤੇ ਪਿਤਾ ਸਰਦਾਰ ਹਰਿ ਸਿੰਘ ਦੇ ਘਰ ਜਨਮਿਆ, ਜਿਸ ਨੂੰ ਦੇਸ਼ ਅਤੇ ਦੁਨੀਆਂ ਵਿੱਚ ਬੜੇ ਅਦਬ ਨਾਲ ਸਾਹਿਬ ਕਾਂਸ਼ੀ ਰਾਮ ਦੇ ਨਾਮ ਨਾਲ ਜਾਣਿਆ ਗਿਆ। ਪਿਰਥੀਪੁਰ ਬੁੰਗਾ ਸਾਹਿਬ, ਉਨ੍ਹਾਂ ਦਾ ਨਾਨਕਾ ਪਿੰਡ ਸੀ ਅਤੇ ਉਨ੍ਹਾਂ ਦਾ ਆਪਣਾ ਪਿੰਡ ਖੁਆਸਪੁਰ, ਜਿਲਾ ਰੋਪੜ ਸੀ। B.Sc ਰੋਪੜ ਤੋਂ ਕਰਣ ਬਾਦ ਉਹ ਸਰਕਾਰੀ ਨੌਕਰੀ ਕਰਣ ਲਈ ਪਹਿਲਾਂ ਦੇਹਰਾਦੂਨ, ਉੱਤਰਾਖੰਡ ਅਤੇ ਫਿਰ ਪੂਨਾ, ਮਹਾਰਾਸ਼ਟਰ ਵਿਖੇ ਪਹੁੰਚੇ; ਜਿੱਥੇ ਬਤੌਰ ਵਿਗਿਆਨੀ ਕੰਮ ਕਰਣ ਲੱਗੇ। ਐਥੇ ਹੀ 1964 ਨੂੰ ਬਾਬਾਸਾਹਿਬ ਅੰਬੇਡਕਰ ਅਤੇ ਮਹਾਤਮਾ ਬੁੱਧ ਦੀਆਂ ਛੁੱਟੀਆਂ ਨੂੰ ਰੱਦ ਕਰਣ ਦੇ ਬ੍ਰਾਹਮਣਵਾਦੀ ਮੈਨਜਮੈਂਟ ਦੇ ਫੈਸਲੇ ਨੂੰ ਲੈਕੇ ਵਿਵਾਦ ਖੜਾ ਹੋ ਗਿਆ। ਦੀਨਾ ਭਾਨਾ ਨਾਮ ਦੇ ਰਾਜਸਥਾਨ ਦੇ ਇਕ ਮੁਲਾਜਿਮ ਨੇ ਇਸਦੇ ਖਿਲਾਫ ਆਵਾਜ ਚੁੱਕੀ ਤਾਂ ਉਸ ਨੂੰ ਬਰਖਾਸਤ ਕੀਤਾ ਗਿਆ। ਜਾਤੀ ਵਿਤਕਰੇ ਦੀ ਇਸ ਘਟਨਾ ਨੇ ਸਾਹਿਬ ਕਾਂਸ਼ੀ ਰਾਮ ਨੂੰ ਝਕਝੋੜ ਕੇ ਰੱਖ ਦਿੱਤਾ ਅਤੇ ਉਹ ਦੀਨਾ ਭਾਨਾ ਦੇ ਹੱਕ ਵਿੱਚ ਅਦਾਲਤ ਗਏ। ਮੁਕਦਮਾ ਜਿੱਤ ਕੇ ਦੋਵੇਂ ਛੁਟੀਆਂ ਬਹਾਲ ਕਰਵਾਇਆ ਅਤੇ ਦੀਨਾ ਭਾਨਾ ਨੂੰ ਵਾਪਸ ਨੌਕਰੀ ਵਿੱਚ ਲਿਆ ਗਿਆ।
ਮਹਾਰਾਹਸਟਰ ਦੇ ਡੀ.ਕੇ.ਖਾਪਰਡੇ, ਜੋ ਉਨ੍ਹਾਂ ਨਾਲ ਕੰਮ ਕਰਦੇ ਸਨ ਨੇ ਸਾਹਿਬ ਨੂੰ ਬਾਬਾਸਾਹਿਬ ਦੀ ਕੀਤਾਬ “ਜਾਤ-ਪਾਤ ਦਾ ਖਾਤਮਾ” ਪੜ੍ਹਣ ਨੂੰ ਦਿੱਤੀ ਅਤੇ ਉਸਤੋਂ ਬਾਦ ਸਾਹਿਬ ਕਾਂਸ਼ੀ ਰਾਮ ਦੇ ਜੀਵਨ ਦੀ ਪੂਰੀ ਦਿਸ਼ਾ ਹੀ ਬਦਲ ਗਈ। ਜਾਤ-ਪਾਤ ਦੀ ਬਿਮਾਰੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਅਤੇ ਉਨ੍ਹਾਂ ਆਪਣਾ ਪੂਰਾ ਜੀਵਨ ਦੇਸ਼ ਵਿੱਚ ਇਸ ਗੈਰ-ਬਰਾਬਰੀ ਵਾਲੇ ਸਮਾਜ ਨੂੰ ਬਦਲ ਕੇ ਇਕ ਮਾਨਵਤਾਵਾਦੀ ਸਮਾਜ ਬਣਾਉਣ ਲਈ ਕੁਰਬਾਨ ਕਰਣ ਦਾ ਫੈਸਲਾ ਕੀਤਾ। ਆਪਣੇ ਪਰਿਵਾਰ ਨੂੰ ਇਕ ਚਿੱਠੀ ਲਿਖ ਕੇ ਸਾਰਾ ਜੀਵਨ ਆਪਣਾ ਘਰ ਨ ਬਸਾਉਣ ਅਤੇ ਕੋਈ ਜ਼ਮੀਨ-ਜਾਇਦਾਦ, ਬੈਂਕ-ਬੈਲੰਸ ਨ ਬਣਾਉਣ ਦੇ ਫੈਸਲੇ ਤੋਂ ਜਾਣੂ ਕਰਵਾਇਆ।
ਮਹਾਰਾਸ਼ਟਰ ਅਤੇ ਦੇਸ਼ ਵਿੱਚ ਬਾਬਾਸਾਹਿਬ ਦੇ ਅੰਦੋਲਨ ਨੂੰ Republican Party of India(RPI) ਚਲਾ ਰਹੀ ਸੀ। ਸਾਹਿਬ ਨੇ ਉਨ੍ਹਾਂ ਨਾਲ ਕੰਮ ਸ਼ੁਰੂ ਕੀਤਾ ਪਰ ਪਹਿਲੇ ਹੀ ਕੁਝ ਸਾਲਾਂ ਵਿੱਚ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਸ ਦੇ ਆਗੂ ਸਮਾਜ ਦੇ ਭਲੇ ਲਈ ਨਹੀਂ ਬਲਕਿ ਆਪਣੇ ਨਿਜੀ ਸਵਾਰਥਾਂ ਵਿੱਚ ਲੱਗੇ ਹੋਏ ਹਨ। ਬਾਰ-ਬਾਰ ਹੋ ਰਹੀ ਚੋਣਾਂ ਵਿੱਚ ਹਾਰ ਤੋਂ ਲੋਕ ਇਨ੍ਹਾਂ ਦਾ ਸਾਥ ਛੱਡ ਚੁਕੇ ਸਨ ਅਤੇ ਇਨ੍ਹਾਂ ਆਗੂਆਂ ਵਿੱਚ ਮਹਾਤਮਾ ਫੂਲੇ, ਛਤ੍ਰਪਤਿ ਸ਼ਾਹੂ ਜੀ ਮਹਾਰਾਜ ਅਤੇ ਬਾਬਾਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਪੂਰਾ ਕਰਣ ਦੀ ਕੋਈ ਚਾਹਤ ਨਹੀਂ ਬਚੀ ਸੀ।
ਇਸ ਸਬਤੋਂ ਨਿਰਾਸ਼ ਹੋਕੇ ਉਨ੍ਹਾਂ ਨੇ ਕਿਸੇ ਹੋਰ ਜਗਹ ਤੋਂ ਬਾਬਾਸਾਹਿਬ ਦੀ ਇਸ ਲਹਿਰ ਨੂੰ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਅਤੇ ਪੂਰੇ ਦੇਸ਼ ਵਿੱਚ ਨਿਗਾਹ ਦੌੜ੍ਹਾਈ । ਪੰਜਾਬ ਪਹਿਲਾਂ ਹੀ ਸਿੱਖ ਗੁਰੂਆਂ ਦੀ ਅਗਵਾਈ ਵਿੱਚ “ਮਾਨਸ ਕਿ ਜਾਤ ਸਬੈ ਏਕ ਹੀ ਪਹਿਚਾਨਬੋੰ” ਦੇ ਵਿਚਾਰਾਂ ਤੋਂ ਜਾਣੂ ਸੀ। ਹਾਲਾਂਕਿ ਜਾਤ-ਪਾਤ ਪੂਰੀ ਤਰਾਹ ਖਤਮ ਨਹੀਂ ਸੀ ਹੋ ਸਕੀ ਪਰ ਬ੍ਰਾਹਮਣਵਾਦ ਐਥੈ ਦੂਸਰੇ ਸੂਬਿਆਂ ਵਾਂਗ ਐਨਾਂ ਹਾਵੀ ਨਹੀਂ ਸੀ। 1930 ਦੇ ਦਹਾਕੇ ਵਿੱਚ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੀ ਆਦਿ ਧਰਮ ਲਹਿਰ ਨੇ ਵੀ ਜਾਤ-ਪਾਤ ਤੇ ਗੂੜੀ ਸੱਟ ਮਾਰੀ ਸੀ ਅਤੇ ਬਾਬਾਸਾਹਿਬ ਅੰਬੇਡਕਰ ਨੂੰ ਏੱਥੋਂ ਦੇ ਸ਼ੈਡਿਊਲਡ ਕਾਸ੍ਟ ਆਪਣਾ ਆਗੂ ਸਵੀਕਾਰ ਚੁਕੇ ਸਨ। SC ਵਰਗ ਦੀ ਆਬਾਦੀ ਵੀ ਦੇਸ਼ ਵਿੱਚ ਸਬਤੋਂ ਜ਼ਿਆਦਾ 35% ਦੇ ਲਗਭਗ ਸੀ। ਇਨ੍ਹਾਂ ਸਾਰੇਆਂ ਪਹਿਲੂਆਂ ਤੇ ਵਿਚਾਰ ਕਰਦਿਆਂ ਹੋਇਆਂ 1970 ਦੇ ਦਹਾਕੇ ਵਿੱਚ ਸਾਹਿਬ ਕਾਂਸ਼ੀ ਰਾਮ ਨੇ ਪੰਜਾਬ ਦਾ ਰੁੱਖ ਕੀਤਾ।
ਬਾਬਾਸਾਹਿਬ ਅੰਬੇਡਕਰ ਤੋਂ ਬਾਦ ਉਨ੍ਹਾਂ ਦੇ ਅੰਦੋਲਨ ਦੀ ਅਸਫਲਤਾ ਬਾਰੇ ਸਾਹਿਬ ਕਾਂਸ਼ੀ ਰਾਮ ਨੇ ਕਾਫੀ ਖੋਜਬੀਣ ਕੀਤੀ ਸੀ ਅਤੇ ਇਸ ਸਿੱਟੇ ਤੇ ਪਹੁੰਚੇ ਕਿ ਇਸ ਦਾ ਇਕ ਬਹੁਤ ਵੱਢਾ ਕਾਰਣ ਇਹ ਸੀ ਕਿ ਇਸ ਨੂੰ ਸ਼ੈਡਿਊਲਡ ਕਾਸ੍ਟ, ਉਹ ਵੀ ਸਿਰਫ ਇਕ ਹੀ ਜਾਤੀ, ਦੇਸ਼ ਦੇ ਕੁਛ ਹਿੱਸਿਆਂ ਵਿੱਚ ਚਲਾ ਰਹੀ ਸੀ। ਵੋਟ ਦੇ ਅਧਾਰ ਤੇ ਜਿੱਤ-ਹਾਰ ਦਾ ਫੈਸਲਾ ਬਹੁਗਿਣਤੀ ਨਾਲ ਹੁੰਦਾ ਹੈ ਅਤੇ ਸਿਰਫ ਇਕ ਹੀ ਜਾਤ ਦੇ ਅਧਾਰਿਤ ਕੋਈ ਲਹਿਰ ਕਾਮਯਾਬ ਨਹੀਂ ਹੋ ਸਕਦੀ। ਕਿਉਂਕਿ ਬ੍ਰਾਹਮਣਵਾਦ ਦਾ ਸ਼ਿਕਾਰ ਦੇਸ਼ ਦੀਆਂ ਧਾਰਮਿਕ ਘੱਟਗਿਣਤੀਆਂ, ਪੱਛੜੀਆਂ ਜਾਤਾਂ, ਆਦਿਵਾਸੀ ਵੀ ਓਵੇਂ ਹੀ ਸਨ ਜਿਵੇ ਕਿ ਅਨੁਸੂਚਿਤ ਜਾਤਾਂ, ਇਸ ਕਰਕੇ ਇਨ੍ਹਾਂ ਸਾਰਿਆਂ ਦੇ ਸਰਕਾਰੀ ਕਰਮਚਾਰੀਆਂ ਨੂੰ ਇਕਜੁੱਟ ਕਰਣ ਲਈ BAMCEF ਨਾਮ ਦੇ ਸੰਗਠਨ ਦੀ ਸਾਹਿਬ ਨੇ 6 ਦਸੰਬਰ, 1978 ਨੂੰ ਨੀਂਹ ਰੱਖੀ।
ਜਦ ਇਸ ਵਿੱਚ ਉਨ੍ਹਾਂ ਨੂੰ ਕਾਫੀ ਸਫਲਤਾ ਮਿਲੀ ਤਾਂ ਉਨ੍ਹਾਂ ਦੂਸਰਾ Concept(ਵਿਚਾਰ) ਬਣਾਈਆਂ ਕਿ “ਸੱਤਾ ਸੰਘਰਸ਼ ਵਿਚੋਂ ਨਿਕਲਦੀ ਹੈ।” ਜੇਕਰ ਅਸੀਂ ਹੁਕਮਰਾਨ ਬਣਨਾ ਚੌਂਦੇ ਹਾਂ ਤਾਂ ਸਾਨੂ ਸੰਘਰਸ਼ ਲਈ ਮੈਦਾਨ ਵਿੱਚ ਉੱਤਰਨਾ ਪਵੇਗਾ। ਇਸ ਵਾਸਤੇ ਉਨ੍ਹਾਂ 6 ਦਸੰਬਰ 1981 ਨੂੰ DS-4(ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ) ਦਾ ਗਠਨ ਕੀਤਾ। ਅਨੁਸੂਚਿਤ ਅਤੇ ਪੱਛੜੀਆਂ ਜਾਤਾਂ ਆਰਥਿਕ ਤੌਰ ਤੇ ਕਮਜ਼ੋਰ ਸਨ, ਇਸ ਕਰਕੇ ਸਾਹਿਬ ਕਾਂਸ਼ੀ ਰਾਮ ਨੇ ਸਾਈਕਲਾਂ ਤੇ ਪ੍ਰਚਾਰ ਕਰਣ ਦਾ ਅਨੂਠਾ ਪ੍ਰੋਗਰਾਮ ਬਣਾਈਆਂ। ਬਾਬੂ ਮੰਗੂ ਰਾਮ ਮੁੱਗੋਵਾਲੀਆ ਅਤੇ ਬਾਬਾਸਾਹਿਬ ਅੰਬੇਡਕਰ ਦੇ ਜਾਣ ਤੋਂ ਬਾਦ ਕੋਈ ਯੋਗ ਅਗਵਾਈ ਨ ਮਿਲਣ ਕਰਕੇ ਨਿਰਾਸ਼ ਹੋ ਚੁਕਿਆ ਪੰਜਾਬ ਦਾ SC ਭਾਈਚਾਰਾ, ਸਾਹਿਬ ਕਾਂਸ਼ੀ ਰਾਮ ਦੇ ਕ੍ਰਿਸ਼ਮਈ ਵਿਅਕਤੀਤਵ, ਸਮਾਜ ਪ੍ਰਤੀ ਦਰਦ ਅਤੇ ਉਸਨੂੰ ਆਪਣੇ ਪੈਰਾਂ ਤੇ ਖੜਾ ਕਰਣ ਲਈ ਆਪਣਾ ਸਬ ਕੁਛ ਕੁਰਬਾਨ ਕਰਣ ਦੇ ਜਜ਼ਬੇ ਨੂੰ ਦੇਖ, ਫਿਰ ਤੋਂ ਪੂਰੇ ਜੋਸ਼ੋ-ਖਰੋਸ਼ ਨਾਲ ਮਦਾਨ ਵਿੱਚ ਆ ਗਿਆ।
ਹਜ਼ਾਰਾਂ ਹੀ ਲੋਕ ਸਾਈਕਲਾਂ ਤੇ ਸਾਹਿਬ ਨਾਲ ਦੇਸ਼ ਅੰਦਰੋਂ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਣ ਲਈ ਤੁਰ ਪਏ।1978 ਵਿੱਚ BAMCEF ਅਤੇ 1981 ਵਿੱਚ DS-4 ਬਣਾਉਣ ਦੇ ਇਸ ਛੋਟੇ ਜਿਹੇ ਸਮੇਂ ਵਿੱਚ ਹੀ ਸਾਹਿਬ ਕਾਂਸ਼ੀ ਰਾਮ ਦੀ ਚਲਾਈ ਇਸ ਨਵੀ ਲਹਿਰ ਨੇ ਪੂਰੇ ਪੰਜਾਬ ਅਤੇ ਉੱਤਰੀ ਭਾਰਤ ਦਾ ਮਾਹੌਲ ਬਦਲ ਕੇ ਰੱਖ ਦਿੱਤਾ। ਪੰਜਾਬ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ। ਸਾਈਕਲਾਂ ਦੇ ਝੁੰਡ ਹਰ ਪਾਸੇ ਜਾਤ-ਪਾਤ ਦੇ ਖਿਲਾਫ ਨਾਰੇ ਲਾਉਂਦੇ ਹੋਏ ਨਜ਼ਰ ਆਉਣ ਲੱਗੇ। ਬਾਬਾਸਾਹਿਬ ਦਾ ਨੀਲਾ ਝੰਡਾ ਜੋ ਕਿ ਸਾਰਿਆਂ ਦੇ ਦਿਲ ਅਤੇ ਦਿਮਾਗ ਤੋਂ ਗਾਇਬ ਹੋ ਗਿਆ ਸੀ ਫਿਰ ਤੋਂ ਹਰ ਪਾਸੇ ਛਾ ਗਿਆ। ਜਾਤ-ਪਾਤ ਖਿਲਾਫ ਪਹਿਲਾਂ ਵੀ ਕਈ ਵਾਰ ਜੰਗ ਲੜ ਚੁਕੀਆਂ ਪੰਜਾਬ ਫਿਰ ਤੋਂ ਮੋਹਰੀ ਬਣਕੇ ਉਭਰਿਆ। ਹਜ਼ਾਰਾਂ ਹੀ ਛੋਟੀਆਂ-ਵੱਢੀਆਂ ਸਭਾਵਾਂ, ਨੁੱਕੜ ਨਾਟਕਾਂ, ਸਾਈਕਲ ਯਾਤਰਾਵਾਂ ਰਾਹੀਂ ਹੁਣ ਤੱਕ ਸਮਾਜ ਦੇ ਹਾਸ਼ੀਏਂ ਤੇ ਖੜਾ SC ਵਰਗ, ਯਕਾਯਕ ਸਾਹਿਬ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਇਸ ਸਮਾਜਿਕ ਲਹਿਰ ਦੀ ਧੁਰਿ ਬਣ ਗਿਆ। ਉਨ੍ਹਾਂ ਦੇ ਜੋਸ਼ੀਲੇ ਨਾਰੇ ਪੂਰੇ ਪੰਜਾਬ ਅਤੇ ਭਾਰਤ ਵਿੱਚ ਗੂੰਜ ਪਏ ਅਤੇ ਬ੍ਰਾਹਮਣਵਾਦੀ ਹਾਕਮਾਂ ਦੇ ਤਖ਼ਤ ਡੋਲਣ ਲੱਗ ਪਏ।
ਇਸ ਤੋਂ ਉਤਸ਼ਾਹਿਤ ਹੋ ਕੇ ਸਾਹਿਬ ਨੇ ਅਗਲਾ ਬੜਾ ਕਦਮ ਚੁੱਕਿਆ ਅਤੇ 14 ਅਪ੍ਰੈਲ 1984 ਨੂੰ ਰਾਜਨੀਤੀ ਵਿੱਚ ਦਖਲ ਦੇਣ ਲਈ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ। ਇਸ ਪਿੱਛੇ ਉਨ੍ਹਾਂ ਦੀ ਸੋਚ ਸੀ ਕਿ ਜੇਕਰ ਤੁਸੀਂ ਕਿਸੇ ਵਿਵਸਥਾ ਦਾ ਵਿਰੋਧ ਕਰਦੇ ਹੋ ਤਾਂ ਤੁਹਾਨੂੰ ਉਸ ਨੂੰ ਬਦਲ ਕੇ ਇਕ ਸਹੀ ਵਿਵਸਥਾ ਦੇਣ ਦਾ ਵੀ ਬੰਦੋਬਸਤ ਕਰਨਾ ਪਵੇਗਾ। ਇਸ ਲਈ ਰਾਜਨੀਤਿ ਵਿੱਚ ਕਦਮ ਰੱਖਣਾ ਜ਼ਰੂਰੀ ਹੈ। ਠੀਕ ਅਗਲੇ ਸਾਲ 1985 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਇਆਂ। ਹੁਣ ਤੱਕ ਕੀਤੀ ਗਈ ਸਮਾਜਿਕ ਜੀ-ਤੋੜ ਮੇਹਨਤ ਦਾ ਰਾਜਨੀਤਿ ਵਿੱਚ ਨਤੀਜਾ ਦੇਖਣ ਦਾ ਵਕ਼ਤ ਸੀ। ਇਸ ਦੇ ਨਤੀਜਿਆਂ ਨੇ ਨ ਸਿਰਫ ਪੰਜਾਬ ਦੀ ਰਾਜਨੀਤਿ ਦੀ ਦਿਸ਼ਾਂ ਬਦਲੀ ਪਰ ਰਾਜਨੀਤਿਕ ਵਿਸ਼ਲੇਸ਼ਕਾਂ ਨੂੰ ਵੀ ਹੈਰਾਨ ਕਰ ਦਿੱਤਾ। ਹੁਣ ਤਕ ਸ਼ੈਡਿਊਲਡ ਕਾਸਟਾਂ ਦੇ ਵੋਟਾਂ ਦੇ ਸਹਾਰੇ ਪੰਜਾਬ ਦੇ ਸਿੰਘਾਸਨ ਤੇ ਬੈਠੀ ਕਾਂਗਰਸ ਪਾਰਟੀ ਦੇ ਹੱਥੋਂ ਰਾਜ ਖੁੱਸ ਗਿਆ ਅਤੇ ਅਕਾਲੀ ਦਲ ਸੱਤਾ ਵਿੱਚ ਆ ਗਏ। ਪਰ ਇਸ ਸਾਰੀ ਫੇਰ-ਬਦਲ ਦੇ ਪਿੱਛੇ ਸਾਹਿਬ ਕਾਂਸ਼ੀ ਰਾਮ ਦੀ ਚਲਾਈ ਹੋਇ ਲਹਿਰ ਕੰਮ ਕਰ ਰਹੀ ਸੀ। ਉਨ੍ਹਾਂ ਦੇ ਉਮ੍ਮੀਦਵਾਰ ਖੁਦ ਤਾਂ ਨਹੀਂ ਜਿੱਤ ਸਕੇ ਪਰ ਉਹ ਐਨੀਆਂ ਵੋਟਾਂ ਲੈਣ ਵਿੱਚ ਕਾਮਯਾਬ ਹੋ ਗਏ ਕਿ ਕਾਂਗਰਸ ਪਾਰਟੀ ਵੀ ਨ ਜਿੱਤ ਸਕੀ। ਸਾਹਿਬ ਦਾ ਫਾਰਮੂਲਾ ਕਿ ਪਹਿਲਾ ਇਲੈਕਸ਼ਨ ਹਾਰਨ ਲਈ, ਦੂਸਰਾ ਹਰਵਾਉਣ ਲਈ ਅਤੇ ਤੀਸਰਾ ਜਿੱਤਣ ਲਈ ਨੂੰ ਖੁਦ ਹੀ ਪਛਾੜਦਿਆਂ ਹੋਈਆਂ ਉਨ੍ਹਾਂ ਪਹਿਲੇ ਹੀ ਇਲੈਕਸ਼ਨ ਵਿੱਚ ਕਾਂਗਰਸ ਨੂੰ ਹਰਵਾਤਾ।
ਪਹਿਲੀ ਵਾਰ ਪੰਜਾਬ ਦੀ ਆਬਾਦੀ ਦੇ ਤੀਜੇ ਹਿੱਸੇ ਨੂੰ ਸਾਹਿਬ ਕਾਂਸ਼ੀ ਰਾਮ ਨੇ ਆਪਣੀ ਵੋਟ ਦੀ ਤਾਕ਼ਤ ਦਾ ਅਹਿਸਾਸ ਕਾਰਵਾਈਆਂ। ਇਹ ਗੱਲ ਯਕੀਨੀ ਕਰਵਾਈ ਕਿ ਪੰਜਾਬ ਦੇ ਤਖ਼ਤ ਤੇ ਭਾਵੇਂ ਕੋਈ ਵੀ ਬੈਠੇ, ਉਸਦੀ ਚਾਬੀ ਉਨ੍ਹਾਂ ਦੇ ਹੀ ਹੱਥਾਂ ਵਿੱਚ ਹੈ, ਬਸ਼ਰਤੇ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਣਾ ਸਿੱਖਣ। ਹੁਣ ਤੱਕ ਪੰਜਾਬ ਦੀ ਰਾਜਨੀਤਿ ਵਿੱਚ ਕਾਂਗਰਸ-ਅਕਾਲੀ ਦਲ ਦੇ ਵਿਚਾਲੇ ਹੋਣ ਵਾਲੇ ਸਿੱਧੇ ਮੁਕਾਬਲੇ, ਜੋ ਕਿ ਧਨਾਢਾਂ ਦੇ ਹੱਥਾਂ ਵਿੱਚ ਸਨ ਨੂੰ ਇਸ ਇਤਿਹਾਸਕ ਚੋਣਾਂ ਨੇ ਤਿਕੋਣੀ ਬਣਾ ਦਿੱਤਾ। ਸਾਹਿਬ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਇੱਕ ਤੀਜੀ ਧਿਰ ਜ਼ਮੀਨੀ ਤੌਰ ਤੇ ਸਥਾਪਿਤ ਹੋਈ। ਜਦੋਂ 1989 ਵਿੱਚ ਲੋਕ ਸਭਾ ਚੋਣਾਂ ਹੋਇਆਂ ਤਾਂ ਇਕ ਕਦਮ ਹੋਰ ਅੱਗੇ ਪੁੱਟਦਿਆਂ ਹੋਈਆਂ ਫਿਲੌਰ ਤੋਂ ਉਨ੍ਹਾਂ ਦੇ ਉਮ੍ਮੀਦਵਾਰ ਹਰਭਜਨ ਲਾਖਾ ਨੇ ਇਹ ਸੀਟ ਜਿੱਤ ਲਈ। ਇਸ ਤਰਾਂ ਪਹਿਲਾ ਇਲੈਕਸ਼ਨ ਹਾਰਨ ਦੀ ਜਗਹ ਹਰਵਾਉਣ ਅਤੇ ਦੂਸਰਾ ਹਰਵਾਉਣ ਦੀ ਜਗਹ ਜਿੱਤਣ ਵਿੱਚ ਉਹ ਕਾਮਯਾਬ ਹੋਏ ਅਤੇ ਆਪਣੇ ਹੀ ਬਣਾਏ ਫਾਰਮੂਲੇ ਤੋਂ ਕੀਤੇ ਅੱਗੇ ਨਿਕਲ ਗਏ। ਜਦੋਂ 1992 ਵਿੱਚ ਵਿਧਾਨ ਸਭਾ ਚੋਣਾਂ ਹੋਇਆਂ ਤਾਂ 9 ਵਿਧਾਇਕ ਜਿੱਤ ਕੇ ਚੰਡੀਗੜ੍ਹ ਵਿਧਾਨ ਸਭਾ ਵਿੱਚ ਪਹੁੰਚੇ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਵਿਰੋਧੀ ਧਿਰ ਬਣੀ। ਹੁਣ ਤੱਕ ਰਾਜਨੀਤਿ ਵਿੱਚ ਇੱਕ ਪਿੱਛਲੱਗੂ ਸਮਝੇ ਜਾਣ ਵਾਲੇ ਲੋਕ ਹੁਕਮਰਾਨਾਂ ਨਾਲ ਸਿੱਧੀ ਟੱਕਰ ਵਿੱਚ ਆਏ ਅਤੇ ਅੱਖ ਨਾਲ ਅੱਖ ਮਿਲਾਕੇ ਉਨ੍ਹਾਂ ਨੂੰ ਸਵਾਲ ਕਰਣ ਲੱਗੇ।
ਸਾਹਿਬ ਦੀ ਅਗਵਾਈ ਵਿੱਚ ਇਹ ਕਾਫ਼ਿਲਾ ਬਦਸਤੂਰ ਅੱਗੇ ਵਧਧਾ ਗਿਆ ਅਤੇ ਜਦੋਂ 1996 ਵਿੱਚ ਲੋਕ ਸਭਾ ਚੋਣਾਂ ਹੋਇਆਂ ਤਾਂ ਉਨ੍ਹਾਂ ਅਕਾਲੀ ਦਲ(ਬਾਦਲ) ਨਾਲ ਸਮਝੌਤਾ ਕਰਕੇ ਇਲੈਕਸ਼ਨ ਲੜਿਆ ਅਤੇ ਤਿੰਨ ਸੀਟਾਂ ਹੋਸ਼ਿਆਰਪੂਰ, ਫਿਲੌਰ ਅਤੇ ਫਿਰੋਜ਼ਪੁਰ ਤੋਂ ਉਮ੍ਮੀਦਵਾਰ ਖੜੇ ਕੀਤੇ ਅਤੇ ਸਾਰਿਆਂ ਤੇ ਜਿੱਤ ਪ੍ਰਾਪਤ ਕੀਤੀ। ਖੁਦ ਹੋਸ਼ਿਆਰਪੂਰ ਤੋਂ, ਹਰਭਜਨ ਲਾਖਾ ਫਿਲੌਰ ਤੋਂ ਅਤੇ ਮੋਹਨ ਸਿੰਘ ਫਲਿਆਵਾਲਾਂ ਫਿਰੋਜ਼ਪੁਰ ਤੋਂ ਕਾਮਯਾਬ ਹੋਏ। ਅਕਾਲੀ ਦਲ(ਬਾਦਲ) ਨੇ 10 ਵਿੱਚੋਂ 8 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਅਤੇ ਇਸ ਤਰਾਹ ਇਸ ਗਠਜੋੜ ਨੇ ਪੰਜਾਬ ਦੀਆਂ 13 ਵਿਚੋਂ 11 ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦਾ ਸਫਾਇਆ ਕਰਤਾ। ਸ਼ੈਡਿਊਲਡ ਕਾਸ੍ਟ ਅਤੇ ਪੱਛੜੀਆਂ ਜਾਤਾਂ ਦੇ ਉਹ ਗਰੀਬ ਲੋਕ, ਜਿਨ੍ਹਾਂ ਨੂੰ ਰਾਜਨੀਤਿ ਵਿੱਚ ਕੋਈ ਪੁੱਛਦਾ ਨਹੀਂ ਸੀ, ਸੱਤਾ ਦੇ ਕਰੀਬ ਜਾ ਪਹੁੰਚੇ। ਸਾਈਕਲਾਂ ਤੇ ਸਾਹਿਬ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਚੱਲੇ ਇਸ ਕਾਫ਼ਿਲੇ ਨੇ ਕਾਰਾਂ ਅਤੇ ਹੇਲੀਕਾਪਟਰਾਂ ਵਾਲਿਆਂ ਨੂੰ ਢੇਰੀ ਕਰਤਾ।
ਪਰ ਇਨ੍ਹਾਂ ਹੀ ਸਮਿਆਂ ਵਿੱਚ ਉੱਤਰ ਪ੍ਰਦੇਸ਼ ਜੋ ਕਿ ਸਾਹਿਬ ਦੀ ਚਲਾਈ ਇਸ ਲਹਿਰ ਦਾ ਦੂਸਰਾ ਮੁਖ ਕੇਂਦਰ ਸੀ ਵਿੱਚ ਵੀ ਉਨ੍ਹਾਂ ਕਰਕੇ ਭਾਰੀ ਉਥਲ-ਪੁਥਲ ਮਚੀ ਹੋਇ ਸੀ। 1993 ਵਿੱਚ ਉਨ੍ਹਾਂ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਨਾਲ ਸਮਝੌਤਾ ਕੀਤਾ ਅਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ। 1995 ਵਿੱਚ ਖੁਦ ਭਾਜਪਾ ਦੇ ਸਹਿਯੋਗ ਨਾਲ ਸਰਕਾਰ ਬਣਾਈ ਅਤੇ 1996 ਵਿੱਚ ਫਿਰ ਚੋਣਾਂ ਹੋਇਆਂ। ਇਸ ਕਰਕੇ ਉਹ ਪੰਜਾਬ ਨੂੰ ਜ਼ਿਆਦਾ ਸਮਾਂ ਨ ਦੇ ਸਕੇ ਅਤੇ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਪੰਜਾਬ ਦੇ ਆਗੂ ਉਨ੍ਹਾਂ ਦੀ ਸੋਚ “ਬਹੁਜਨ ਸਮਾਜ”(ਪੱਛੜੀਆਂ, ਘੱਟ ਗਿਣਤੀਆਂ) ਨੂੰ ਨਾਲ ਜੋੜਨ ਵਿੱਚ ਨਾਕਾਮਯਾਬ ਰਹੇ। ਜਦੋਂ 1997 ਵਿੱਚ ਪੰਜਾਬ ਦੀਆਂ ਵਿਧਾਨ ਸਭਾਂ ਚੋਣਾਂ ਹੋਇਆਂ ਤਾਂ ਅਕਾਲੀ ਦਲ(ਬਾਦਲ) ਨਾਲ ਉਨ੍ਹਾਂ ਦਾ ਸਮਝੌਤਾ ਟੁੱਟ ਗਿਆ ਅਤੇ ਕਾਂਗਰਸ ਪਾਰਟੀ ਉਨ੍ਹਾਂ ਨੂੰ ਸਿਰਫ ਥੋੜੀਆਂ ਹੀ ਸੀਟਾਂ ਦੇਕੇ ਖੁਦ ਆਪਣੀ ਸਰਕਾਰ ਬਣਾਉਣਾ ਚਾਉਂਦੀ ਸੀ। ਉਨ੍ਹਾਂ ਅਕਾਲੀ ਦਲ(ਮਾਨ) ਨਾਲ ਸਮਝੌਤਾ ਕੀਤਾ ਪਰ ਜਿਵੇਂ ਕਿ ਉਹ ਖੁਦ ਆਪਣੇ ਭਾਸ਼ਣਾਂ ਵਿੱਚ ਕਹਿ ਚੁਕੇ ਸਨ ਕਿ ਮੇਰੇ ਦਿਸ਼ਾ-ਨਿਰਦੇਸ਼ਾਂ ਤੇ ਸੂਬੇ ਦੇ ਆਗੂਆਂ ਨੇ ਪਹਿਰਾ ਨਹੀਂ ਦਿੱਤਾ ਅਤੇ ਬਹੁਜਨ ਸਮਾਜ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦਾ ਨਤੀਜਾ ਸਾਮਣੇ ਆਇਆ ਅਤੇ 9 MLA ਤੋਂ ਘਟ ਕੇ ਸਿਰਫ ਇੱਕ ਹੀ MLA ਵਾਪਸ ਜਿੱਤ ਸਕਿਆ।
ਇਸ ਤੋਂ ਬਾਦ ਫਿਰ 1998 ਅਤੇ 1999 ਵਿੱਚ ਲੋਕ ਸਭਾ ਚੋਣਾਂ ਹੋਇਆਂ ਅਤੇ ਸਾਹਿਬ ਪੂਰੇ ਦੇਸ਼ ਵਿੱਚ ਮਸ਼ਰੂਫ ਰਹੇ ਅਤੇ ਦੇਸ਼ ਪੱਧਰ ਤੇ ਉਹ ਬਹੁਜਨ ਸਮਾਜ ਪਾਰਟੀ ਨੂੰ 1996 ਵਿੱਚ ਰਾਸ਼ਟਰੀ ਪਾਰਟੀ ਦੀ ਮਾਨਤਾ ਦਵਾਉਣ ਤੋਂ ਬਾਦ 1999 ਤੱਕ ਦੇਸ਼ ਦੀ ਤੀਜੀ ਸਬਤੋਂ ਵਢੀ ਪਾਰਟੀ ਬਣਾਉਣ ਵਿੱਚ ਕਾਮਯਾਬ ਹੋਏ। ਪਰ ਪੰਜਾਬ ਉਨ੍ਹਾਂ ਦੀ ਗੈਰ ਮੌਜੂਦਗੀ ਅਤੇ ਕਿਸੇ ਯੋਗ ਅਗਵਾਈ ਨ ਹੋਣ ਕਰਕੇ ਪੱਛੜਦਾ ਹੀ ਚਲਾ ਗਿਆ। ਅਗਲੀਆਂ ਵਿਧਾਨ ਸਭਾ ਚੋਣਾਂ 2002 ਵਿੱਚ ਹੋਣੀਆਂ ਸਨ। ਇਸ ਨੂੰ ਮੁਖ ਰੱਖਦੇ ਹੋਈਆਂ ਉਨ੍ਹਾਂ ਖੁਦ 2001 ਇਕ ਵਿੱਚ ਪੰਜਾਬ ਆਉਣ ਦਾ ਫੈਸਲਾ ਕੀਤਾ ਤਾਕਿ ਉਹ ਆਪਣੀ ਦੇਖ ਰੇਖ ਵਿੱਚ ਉਮੀਦਵਾਰਾਂ ਨੂੰ ਚੋਣਾਂ ਲੜਾ ਸਕਣ। 1992 ਤੋਂ ਲੈਕੇ ਲਗਾਤਾਰ ਉਨ੍ਹਾਂ ਦੇ ਉੱਤਰ ਪ੍ਰਦੇਸ਼ ਅਤੇ ਦੇਸ਼ ਦੀਆਂ ਚੋਣਾਂ ਕਰਕੇ ਪੰਜਾਬ ਵਿੱਚ ਸਮਾਂ ਨ ਦੇ ਸਕਣ ਅਤੇ ਪੰਜਾਬ ਦੇ ਆਗੂਆਂ ਵਲੋਂ ਬਹੁਜਨ ਸਮਾਜ ਨ ਬਣਾਉਣ ਕਰਕੇ ਹੋਏ ਨੁਕਸਾਨ ਦੀ ਭਰਪਾਈ ਨ ਹੋ ਸਕੀ। 2002 ਦੀਆਂ ਚੋਣਾਂ ਵਿਚ ਹਾਲਾਂਕਿ ਉਹ ਕੁਛ ਹਦ ਤੱਕ ਹੋਏ ਨੁਕਸਾਨ ਨੂੰ ਦੂਰ ਕਰ ਸਕੇ ਪਰ ਉਹ ਚੁਣਾਵੀ ਨਤੀਜਿਆਂ ਵਿੱਚ ਤਬਦੀਲ ਨਹੀਂ ਹੋ ਸਕੀ।
ਇਸ ਤੋਂ ਬਾਦ ਉਹ ਦੱਖਣੀ ਭਾਰਤ ਵਿੱਚ ਇਸ ਲਹਿਰ ਨੂੰ ਖੜੀ ਕਰਣ ਵਿੱਚ ਰੁਝੇ ਰਹੇ ਅਤੇ ਸਿਤੰਬਰ 2003 ਨੂੰ ਹੈਦਰਾਬਾਦ ਜਾਂਦਿਆਂ ਹੋਈਆਂ ਉਨ੍ਹਾਂ ਨੂੰ ਦਿਮਾਗ ਦਾ ਦੌਰਾ ਪਿਆ ਅਤੇ 9 ਅਕਤੂਬਰ 2006 ਨੂੰ ਹੋਇ ਉਨ੍ਹਾਂ ਦੀ ਮੌਤ ਤਕ ਉਹ ਬਿਮਾਰ ਹੀ ਰਹੇ। ਇਸ ਤਰਾਹ ਪੰਜਾਬ ਅਤੇ ਪੂਰੇ ਭਾਰਤ ਨੂੰ ਜਗਾਉਣ ਵਾਲਾ ਇਹ ਯੁਗ ਪੁਰੁਸ਼ ਸ਼ਰੀਰਕ ਤੌਰ ਤੇ ਹਮੇਸ਼ਾ ਵਾਸਤੇ ਸਾਨੂੰ ਅਲਵਿਦਾ ਕਹਿ ਗਿਆ।
ਅੱਜ ਭਾਵੇਂ ਸਾਹਿਬ ਕਾਂਸ਼ੀ ਰਾਮ ਸਾਡੇ ਵਿੱਚ ਮੌਜੂਦ ਨਹੀਂ ਹਨ ਅਤੇ ਊਨਾ ਦਾ ਰਾਜਨੀਤਿਕ ਅੰਦੋਲਨ ਪੰਜਾਬ ਵਿੱਚ ਲੱਗਭੱਗ ਖਤਮ ਹੋ ਚੁਕਿਆ ਹੈ ਪਰ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਸਮਾਜਿਕ ਕ੍ਰਾਂਤੀ ਨ ਸਿਰਫ ਜ਼ਿੰਦਾ ਹੈ ਬਲਕਿ ਅੱਗੇ ਨਾਲੋਂ ਕੀਤੇ ਜ਼ਿਆਦਾ ਮਜ਼ਬੂਤ ਹੋ ਚੁਕੀ ਹੈ। ਮਹਾਤਮਾ ਜੋਤਿਰਾਓ ਫੂਲੇ, ਛਤ੍ਰਪਤਿ ਸ਼ਾਹੂ ਜੀ ਮਹਾਰਾਜ, ਨਾਰਾਇਣਾ ਗੁਰੂ, ਪੇਰੀਆਰ ਰਾਮਾਸਵਾਮੀ ਨਾਇਕਰ ਅਤੇ ਬਾਬਾਸਾਹਿਬ ਅੰਬੇਡਕਰ, ਉਨ੍ਹਾਂ ਕਰਕੇ ਪੰਜਾਬ ਦੇ ਘਰ-ਘਰ ਪਹੁੰਚ ਚੁਕੇ ਹਨ। ਆਪਣੇ ਮਹਾਪੁਰਸ਼ਾਂ ਦੇ ਜਨਮ ਦਿਹਾੜਿਆਂ ਨੂੰ ਇਕ ਮੇਲੇ ਦੇ ਤੌਰ ਤੇ ਮਨਾਉਣ ਦੀ ਸ਼ੁਰੂ ਕੀਤੀ ਉਨ੍ਹਾਂ ਦੀ ਰੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ਼ੈਡਿਊਲਡ ਕਾਸ੍ਟ ਲੋਕਾਂ ਦਾ ਪੱਛੜੀਆਂ ਜਾਤਾਂ ਅਤੇ ਧਾਰਮਿਕ ਘੱਟਗਿਣਤੀਆਂ ਨਾਲ ਭਾਈਚਾਰਾ ਮਜ਼ਬੂਤ ਹੋਇਆ ਹੈ। ਉਨ੍ਹਾਂ ਦੀ ਮੂਲਨਿਵਾਸੀ ਬਹੁਜਨ ਸਮਾਜ ਦੀ ਵਿਚਾਰਧਾਰਾ ਅੱਗੇ ਵੱਧ ਰਹੀ ਹੈ। ਪੰਜਾਬ ਦੇ ਓ ਲੋਕ, ਜੋ ਸਾਹਿਬ ਨੂੰ ਉਨ੍ਹਾਂ ਦੇ ਜਿਉਂਦਿਆਂ ਬਣਦਾ ਮਾਨ-ਸਤਿਕਾਰ ਨ ਦੇ ਸਕੇ, ਅੱਜ ਉਹ ਵੀ ਉਨ੍ਹਾਂ ਦੀ ਕੌਮ ਲਈ ਕੀਤੀ ਕੁਰਬਾਨੀ ਦੇ ਸਾਮਣੇ ਨਤਮਸਤਕ ਹਨ। ਅੱਜ ਜ਼ਰੂਰਤ ਹੈ ਇਮਾਨਦਾਰ ਅਤੇ ਸੂਝਵਾਨ ਨੌਜਵਾਨ ਆਗੂਆਂ ਦੀ, ਜੋ ਸਾਹਿਬ ਕਾਂਸ਼ੀ ਰਾਮ ਵਾਂਗ ਹੀ ਸਮਾਜ ਲਈ ਆਪਣਾ ਸਬ ਕੁਝ ਕੁਰਬਾਨ ਕਰਣ ਦਾ ਜਜ਼ਬਾ ਰੱਖਦੇ ਹੋਣ ਤਾਂਕਿ ਉਨ੍ਹਾਂ ਦਾ ਅਧੂਰਾ ਰਹਿ ਗਿਆ ਸੁਪਨਾ ਪੂਰਾ ਹੋ ਸਕੇ ਅਤੇ ਪੰਜਾਬ ਇਸ ਲਹਿਰ ਵਿੱਚ ਫਿਰ ਤੋਂ ਸਬ ਨੂੰ ਦਿਸ਼ਾ ਦੇਣ ਦਾ ਕੰਮ ਕਰ ਸਕੇ।
15 ਮਾਰਚ ਨੂੰ ਸਾਹਿਬ ਕਾਂਸ਼ੀ ਰਾਮ ਦੇ ਜਨਮਦਿਨ ਜਿਸ ਨੂੰ “ਬਹੁਜਨ ਸਮਾਜ ਦਿਵਸ” ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਪੰਜਾਬ, ਭਾਰਤ ਅਤੇ ਪੂਰੀਆਂ ਦੁਨੀਆਂ ਵਿੱਚ ਵਸਦੇ ਬਹੁਜਨ ਸਮਾਜ ਨੂੰ ਲੱਖ-ਲੱਖ ਵਧਾਈ ।
ਜੈ ਭੀਮ, ਜੈ ਕਾਂਸ਼ੀ ਰਾਮ, ਜੈ ਭਾਰਤ।
Author – ਸਤਵਿੰਦਰ ਮਦਾਰਾ
[irp]
+ There are no comments
Add yours